ਨਵੀਂ ਦਿੱਲੀ: ਫੇਸਬੁੱਕ ਦੋਸਤ ਨੂੰ ਮਿਲਣ ਲਈ ਭਾਰਤ ਤੋਂ ਪਾਕਿਸਤਾਨ ਗਈ ਅੰਜੂ ਹੁਣ ਅੰਜੂ ਤੋਂ ਫਾਤਿਮਾ ਬਣ ਗਈ ਹੈ। ਉਸਨੇ ਇਸਲਾਮ ਕਬੂਲ ਕਰ ਲਿਆ ਅਤੇ ਆਪਣੇ ਦੋਸਤ ਨਸਰੁੱਲਾ ਨਾਲ ਵਿਆਹ ਕਰਵਾ ਲਿਆ। ਦੱਸ ਦੇਈਏ ਕਿ ਵੀਜ਼ਾ ਲੈ ਕੇ ਪਾਕਿਸਤਾਨ ਗਈ ਅੰਜੂ ਨੇ ਪਹਿਲਾਂ ਕਿਹਾ ਸੀ ਕਿ ਉਹ ਆਪਣੇ ਫੇਸਬੁੱਕ ਦੋਸਤ ਨੂੰ ਮਿਲਣ ਲਈ ਉੱਥੇ ਗਈ ਸੀ ਅਤੇ ਕੁਝ ਦਿਨਾਂ ਵਿੱਚ ਵਾਪਸ ਆ ਜਾਵੇਗੀ। ਹਾਲਾਂਕਿ ਹੁਣ ਪਾਕਿਸਤਾਨ ਤੋਂ ਉਨ੍ਹਾਂ ਦੇ ਵਿਆਹ ਦੀ ਖਬਰ ਸਾਹਮਣੇ ਆਈ ਹੈ। ਅੰਜੂ ਪਹਿਲਾਂ ਹੀ ਭਾਰਤ ਵਿੱਚ ਵਿਆਹੀ ਹੋਈ ਹੈ ਅਤੇ ਉਸਦੇ ਦੋ ਬੱਚੇ ਹਨ। ਅੰਜੂ ਧਰਮ ਪਰਿਵਰਤਨ ਤੋਂ ਪਹਿਲਾਂ ਈਸਾਈ ਸੀ।
ਅੰਜੂ ਨਸਰੁੱਲਾ ਦੇ ਘਰ ਰਹਿ ਰਹੀ ਹੈ ਇਸ ਤੋਂ ਪਹਿਲਾਂ ਪਾਕਿਸਤਾਨ ਦੀ ਇਕ ਨਿਊਜ਼ ਵੈੱਬਸਾਈਟ Geo.tv ਨੇ ਦਾਅਵਾ ਕੀਤਾ ਸੀ ਕਿ ਖੈਬਰ ਪਖਤੂਨਖਵਾ ਸੂਬੇ ਦੇ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਹੈ ਕਿ ਉਹ ਆਪਣੇ ਨਵੇਂ ਘਰ ‘ਚ ਖੁਸ਼ੀ ਨਾਲ ਰਹਿ ਰਹੀ ਹੈ। ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਕਿ ਸਥਾਨਕ ਲੋਕਾਂ ਨੇ ਅੰਜੂ ਨੂੰ ਤੋਹਫੇ ਦਿੱਤੇ ਹਨ ਅਤੇ ਉਹ ਇੱਥੇ ਖੁਸ਼ ਹੈ। ਉਹ ਨਸਰੁੱਲਾ ਦੇ ਘਰ ਹੀ ਰਹਿ ਰਹੀ ਹੈ।
ਅੱਪਰ ਦਿਰ ਜ਼ਿਲੇ ਦੇ ਜ਼ਿਲਾ ਪੁਲਸ ਅਧਿਕਾਰੀ ਮੁਸ਼ਤਾਕ ਖਾਨ ਮੁਤਾਬਕ ਅੰਜੂ ਨੇ ਪੁਲਸ ਨੂੰ ਦੱਸਿਆ ਹੈ ਕਿ ਉਸ ਨੇ ਭਾਰਤ ‘ਚ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ ਹੈ। ਪੁਲਿਸ ਨੇ ਇਹ ਵੀ ਦੱਸਿਆ ਕਿ ਉਹ ਆਪਣਾ ਪਿਆਰ ਲੱਭਣ ਲਈ ਭਾਰਤ ਤੋਂ ਪਾਕਿਸਤਾਨ ਆਈ ਹੈ ਅਤੇ ਇੱਥੇ ਖੁਸ਼ੀ-ਖੁਸ਼ੀ ਰਹਿ ਰਹੀ ਹੈ।



