ਅੰਮ੍ਰਿਤਸਰ ਦੀ ਧੀ ਦਾ ਕਮਾਲ: ਸੀਬੀਐਸਈ 10ਵੀਂ ‘ਚ ਨਿਮਰਤ ਸੰਧੂ ਨੇ 99.8% ਅੰਕ ਲੈ ਕੇ ਰਚਿਆ ਇਤਿਹਾਸ

ਅੰਮ੍ਰਿਤਸਰ: ਅੰਮ੍ਰਿਤਸਰ ਦੇ ਤਰਨਤਾਰਨ ਰੋਡ ਦੀ ਰਹਿਣ ਵਾਲੀ ਹੋਣਹਾਰ ਵਿਦਿਆਰਥਣ ਨਿਮਰਤ ਸੰਧੂ ਨੇ ਸੀਬੀਐਸਈ 10ਵੀਂ ਜਮਾਤ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੂਬੇ ਦਾ ਨਾਮ…

Amritsar

ਅੰਮ੍ਰਿਤਸਰ: ਅੰਮ੍ਰਿਤਸਰ ਦੇ ਤਰਨਤਾਰਨ ਰੋਡ ਦੀ ਰਹਿਣ ਵਾਲੀ ਹੋਣਹਾਰ ਵਿਦਿਆਰਥਣ ਨਿਮਰਤ ਸੰਧੂ ਨੇ ਸੀਬੀਐਸਈ 10ਵੀਂ ਜਮਾਤ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਨਿਮਰਤ ਨੇ 500 ਵਿੱਚੋਂ 499 ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਪ੍ਰਾਪਤੀ ਨਾਲ ਜਿੱਥੇ ਉਸਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ, ਉੱਥੇ ਹੀ ਇਲਾਕੇ ਭਰ ਵਿੱਚ ਉਸਦੀ ਸਫਲਤਾ ਦੀ ਚਰਚਾ ਹੈ।

ਢੋਲ ਦੀ ਥਾਪ ‘ਤੇ ਮਨਾਇਆ ਗਿਆ ਜਸ਼ਨ

ਨਿਮਰਤ ਦੀ ਇਸ ਸ਼ਾਨਦਾਰ ਸਫਲਤਾ ਦੀ ਖਬਰ ਮਿਲਦਿਆਂ ਹੀ ਉਸਦੇ ਘਰ ਵਿੱਚ ਜਸ਼ਨ ਦਾ ਮਾਹੌਲ ਬਣ ਗਿਆ। ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਢੋਲ ਵਜਾ ਕੇ ਅਤੇ ਮਠਿਆਈਆਂ ਵੰਡ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਦਿੱਲੀ ਪਬਲਿਕ ਸਕੂਲ ਦੀ ਵਿਦਿਆਰਥਣ ਨਿਮਰਤ ਨੇ ਦੱਸਿਆ ਕਿ ਜਦੋਂ ਉਸਨੇ ਨਤੀਜਾ ਦੇਖਿਆ ਤਾਂ ਉਹ ਆਪਣੀ ਮਾਂ ਦੇ ਕੋਲ ਸੀ ਅਤੇ ਪਿਤਾ ਨਾਲ ਫੋਨ ‘ਤੇ ਗੱਲ ਕਰ ਰਹੀ ਸੀ। ਉਸਨੇ ਕਿਹਾ ਕਿ ਇਹ ਪਲ ਉਸਦੀ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਪਲਾਂ ਵਿੱਚੋਂ ਇੱਕ ਹੈ, ਜਿਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੈ।

ਅਧਿਆਪਕਾਂ ਦੀ ਅਗਵਾਈ ਅਤੇ ਸਖ਼ਤ ਮਿਹਨਤ ਦਾ ਨਤੀਜਾ

ਆਪਣੀ ਸਫਲਤਾ ਦਾ ਸਿਹਰਾ ਆਪਣੇ ਅਧਿਆਪਕਾਂ ਨੂੰ ਦਿੰਦਿਆਂ ਨਿਮਰਤ ਨੇ ਦੱਸਿਆ ਕਿ ਸਕੂਲ ਦੇ ਟੀਚਰਾਂ ਨੇ ਹਰ ਵਿਸ਼ੇ ਨੂੰ ਡੂੰਘਾਈ ਨਾਲ ਸਮਝਾਉਣ ਵਿੱਚ ਉਸਦੀ ਬਹੁਤ ਮਦਦ ਕੀਤੀ। ਖਾਸ ਤੌਰ ‘ਤੇ ਆਪਣੇ ਕਲਾਸ ਇੰਚਾਰਜ ਦਾ ਧੰਨਵਾਦ ਕਰਦਿਆਂ ਉਸਨੇ ਕਿਹਾ ਕਿ ਉਨ੍ਹਾਂ ਦੀ ਪ੍ਰੇਰਣਾ ਸਦਕਾ ਹੀ ਉਹ ਹਰ ਵਿਸ਼ੇ ਵਿੱਚ 100 ਵਿੱਚੋਂ 100 ਅੰਕ ਲੈਣ ਦੇ ਟੀਚੇ ਨੂੰ ਪ੍ਰਾਪਤ ਕਰ ਸਕੀ ਹੈ।

“ਧੀਆਂ ਕਿਸੇ ਤੋਂ ਘੱਟ ਨਹੀਂ”: ਪਿਤਾ ਤੇਜਵੀਰ ਸਿੰਘ

ਨਿਮਰਤ ਦੇ ਪਿਤਾ ਤੇਜਵੀਰ ਸਿੰਘ ਨੇ ਆਪਣੀ ਬੇਟੀ ‘ਤੇ ਮਾਣ ਪ੍ਰਗਟ ਕਰਦਿਆਂ ਕਿਹਾ ਕਿ ਉਸਦੀ ਸਫਲਤਾ ਪਿੱਛੇ ਉਸਦੀ ਦਿਨ-ਰਾਤ ਦੀ ਮਿਹਨਤ ਹੈ। ਉਨ੍ਹਾਂ ਕਿਹਾ, “ਅਸੀਂ ਬੱਚਿਆਂ ਨੂੰ ਹਮੇਸ਼ਾ ਇੱਕ ਸਕਾਰਾਤਮਕ ਮਾਹੌਲ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਉਹ ਮਾਨਸਿਕ ਤੌਰ ‘ਤੇ ਮਜ਼ਬੂਤ ਰਹਿਣ।” ਉਨ੍ਹਾਂ ਸਮਾਜ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਧੀਆਂ ਅੱਜ ਹਰ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਧੀਆਂ ਨੂੰ ਬਰਾਬਰ ਮੌਕੇ ਦੇਣ ਤਾਂ ਜੋ ਉਹ ਸਮਾਜ ਅਤੇ ਦੇਸ਼ ਦਾ ਨਾਮ ਹੋਰ ਉੱਚਾ ਕਰ ਸਕਣ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਦੇਸ਼ ਭਰ ਵਿੱਚ ਮੌਸਮ ਦਾ ਮਿਜਾਜ਼: ਇੱਕ ਪਾਸੇ ਤੇਜ਼ ਮੀਂਹ-ਤੂਫਾਨ ਦਾ ਅਲਰਟ, ਦੂਜੇ ਪਾਸੇ ਕਈ ਸੂਬਿਆਂ ਵਿੱਚ ‘ਲੂ’ ਦਾ ਕਹਿਰ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *