ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਦੇ ਥਾਣਾ ਮੱਤੇਵਾਲ ਅਧੀਨ ਆਉਂਦੇ ਨਹਿਰ ਸੂਏ ਦੇ ਕੋਲ ਪੁਲਿਸ ਅਤੇ ਇੱਕ ਬਦਨਾਮ ਗੈਂਗਸਟਰ ਵਿਚਕਾਰ ਮੁੱਠਭੇੜ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਪੁਲਿਸ ਮੁਕਾਬਲੇ ਦੌਰਾਨ ਦੋਸ਼ੀ ਹਰਮਨਜੀਤ ਸਿੰਘ ਗੋਲੀ ਲੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਦੋਂ ਕਿ ਡਿਊਟੀ ਦੌਰਾਨ ਇੱਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਿਆ ਹੈ।
ਨਾਕੇ ਤੋਂ ਭੱਜਣ ‘ਤੇ ਪੁਲਿਸ ਨੇ ਕੀਤਾ ਪਿੱਛਾ
ਪ੍ਰਾਪਤ ਜਾਣਕਾਰੀ ਅਸਾਰ ਅੱਜ ਸਵੇਰੇ ਲਗਭਗ 8:30 ਵਜੇ ਦੋਸ਼ੀ ਹਰਮਨਜੀਤ ਸਿੰਘ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪਿੰਡ ਮੱਤੇਵਾਲ ਵੱਲ ਆ ਰਿਹਾ ਸੀ। ਥਾਣਾ ਮੱਤੇਵਾਲ ਦੀ ਪੁਲਿਸ ਪਾਰਟੀ ਵੱਲੋਂ ਪਹਿਲਾਂ ਹੀ ਇਲਾਕੇ ਵਿੱਚ ਨਾਕਾਬੰਦੀ ਕੀਤੀ ਗਈ ਸੀ। ਜਦੋਂ ਦੋਸ਼ੀ ਨੂੰ ਪੁਲਿਸ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਹ ਨਾਕਾ ਤੋੜ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਪੁਲਿਸ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ‘ਤੇ ਫੌਰੀ ਤੌਰ ‘ਤੇ ਉਸ ਦਾ ਪਿੱਛਾ ਕੀਤਾ ਗਿਆ।
ਪੁਲਿਸ ਉੱਤੇ ਫਾਇਰਿੰਗ ਅਤੇ ਜਵਾਬੀ ਕਾਰਵਾਈ
ਪਿੱਛਾ ਕੀਤੇ ਜਾਣ ‘ਤੇ ਘਬਰਾਏ ਗੈਂਗਸਟਰ ਹਰਮਨਜੀਤ ਸਿੰਘ ਵੱਲੋਂ ਪੁਲਿਸ ਟੀਮ ਉੱਤੇ ਸਿੱਧੀ ਫਾਇਰਿੰਗ ਕਰ ਦਿੱਤੀ ਗਈ। ਸੁਰੱਖਿਆ ਕਰਮਚਾਰੀਆਂ ਨੇ ਆਪਣੀ ਜਾਨ ਦੀ ਰੱਖਿਆ ਕਰਦਿਆਂ ਅਤੇ ਹਾਲਾਤ ਦੀ ਨਜ਼ਾਕਤ ਨੂੰ ਵੇਖਦਿਆਂ ਜਵਾਬੀ ਫਾਇਰਿੰਗ ਕੀਤੀ। ਇਸ ਜਵਾਬੀ ਗੋਲੀਬਾਰੀ ਦੌਰਾਨ ਦੋਸ਼ੀ ਹਰਮਨਜੀਤ ਸਿੰਘ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ। ਇਸ ਦੌਰਾਨ ਮੁਕਾਬਲੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਵੀ ਬਾਂਹ ‘ਤੇ ਗੋਲੀ ਲੱਗਣ ਦੀ ਖ਼ਬਰ ਹੈ।
ਹਸਪਤਾਲ ਵਿੱਚ ਦਾਖ਼ਲ
ਘਟਨਾ ਦੀ ਸੂਚਨਾ ਮਿਲਦਿਆਂ ਹੀ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਜ਼ਖ਼ਮੀ ਗੈਂਗਸਟਰ ਹਰਮਨਜੀਤ ਸਿੰਘ ਅਤੇ ਜ਼ਖ਼ਮੀ ਪੁਲਿਸ ਮੁਲਾਜ਼ਮ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



