ਅਜਨਾਲਾ : ਅੰਮ੍ਰਿਤਸਰ ਦੇ ਸਰਹੱਦੀ ਖੇਤਰ ਅਜਨਾਲਾ ਦੇ ਪਿੰਡ ਜੱਟਾ ਵਿੱਚ ਇੱਕ ਘਰ ‘ਤੇ ਹੋਏ ਦੋ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦੋ ਨੌਜਵਾਨਾਂ ਨੂੰ ਅੱਜ ਅਜਨਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਣ ਦੇ ਹੁਕਮ ਦਿੱਤੇ ਹਨ। ਹੁਣ ਪੁਲਿਸ ਰਿਮਾਂਡ ਦੌਰਾਨ ਇਨ੍ਹਾਂ ਤੋਂ ਵਾਰਦਾਤ ਸਬੰਧੀ ਬਾਰੀਕੀ ਨਾਲ ਪੁੱਛਗਿੱਛ ਕਰੇਗੀ।
ਗੈਂਗਸਟਰ ਹੈਪੀ ਪਸ਼ੀਆਂ ਸਮੇਤ ਅਣਪਛਾਤਿਆਂ ‘ਤੇ ਦਰਜ ਸੀ ਪਰਚਾ
ਜ਼ਿਕਰਯੋਗ ਹੈ ਕਿ ਪਿੰਡ ਜੱਟਾ ‘ਚ ਇੱਕ ਰਿਹਾਇਸ਼ੀ ਘਰ ਨੂੰ ਨਿਸ਼ਾਨਾ ਬਣਾ ਕੇ ਦੋ ਧਮਾਕੇ ਕੀਤੇ ਗਏ ਸਨ। ਇਸ ਸਬੰਧੀ ਥਾਣਾ ਰਮਦਾਸ ਦੀ ਪੁਲਿਸ ਨੇ ਗੈਂਗਸਟਰ ਹੈਪੀ ਪਸ਼ੀਆਂ ਅਤੇ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਸੀ। ਜਾਂਚ ਦੌਰਾਨ ਪੁਲਿਸ ਨੇ ਇਸ ਵਾਰਦਾਤ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਵਿਸ਼ਵਾਸਪ੍ਰੀਤ ਸਿੰਘ ਅਤੇ ਉਸ ਦੇ ਇੱਕ ਹੋਰ ਸਾਥੀ ਨੂੰ ਕਾਬੂ ਕੀਤਾ।
ਪੁਲਿਸ ਨੇ ਮੰਗਿਆ ਸੀ 10 ਦਿਨਾਂ ਦਾ ਰਿਮਾਂਡ
ਅਦਾਲਤ ਵਿੱਚ ਪੇਸ਼ੀ ਦੌਰਾਨ ਮੁਲਜ਼ਮਾਂ ਦੇ ਵਕੀਲ ਐਡਵੋਕੇਟ ਮਨਦੀਪ ਸਿੰਘ ਮੁਹਾਰ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਅਤੇ ਪੁੱਛਗਿੱਛ ਲਈ 10 ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਸੀ। ਹਾਲਾਂਕਿ, ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਨਯੋਗ ਅਦਾਲਤ ਨੇ ਪੁਲਿਸ ਨੂੰ 10 ਦਿਨਾਂ ਦੀ ਬਜਾਏ 5 ਦਿਨਾਂ ਦਾ ਰਿਮਾਂਡ ਹੀ ਮਨਜ਼ੂਰ ਕੀਤਾ।
30 ਅਗਸਤ ਨੂੰ ਮੁੜ ਕੀਤਾ ਜਾਵੇਗਾ ਪੇਸ਼
ਐਡਵੋਕੇਟ ਮੁਹਾਰ ਨੇ ਦੱਸਿਆ ਕਿ ਫਿਲਹਾਲ ਪੁਲਿਸ ਵੱਲੋਂ ਅਦਾਲਤ ਵਿੱਚ ਕਿਸੇ ਵੱਡੀ ਬਰਾਮਦਗੀ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਾਂਚ ਅਜੇ ਜਾਰੀ ਹੈ ਅਤੇ ਪੁੱਛਗਿੱਛ ਤੋਂ ਬਾਅਦ ਹੀ ਪੂਰੀ ਸੱਚਾਈ ਸਾਹਮਣੇ ਆਵੇਗੀ। ਹੁਣ ਪੁਲਿਸ ਕੋਲ 5 ਦਿਨਾਂ ਦੇ ਰਿਮਾਂਡ ਦੌਰਾਨ ਧਮਾਕੇ ਦੀ ਸਾਜ਼ਿਸ਼, ਵਰਤੇ ਗਏ ਧਮਾਕਾਖੇਜ਼ ਸਮੱਗਰੀ ਅਤੇ ਹੋਰ ਸ਼ਾਮਲ ਲੋਕਾਂ ਬਾਰੇ ਅਹਿਮ ਸੁਰਾਗ ਜੁਟਾਉਣ ਦੀ ਚੁਣੌਤੀ ਹੈ। ਰਿਮਾਂਡ ਦੀ ਮਿਆਦ ਪੂਰੀ ਹੋਣ ਤੋਂ ਬਾਅਦ 30 ਅਗਸਤ ਨੂੰ ਦੋਵਾਂ ਮੁਲਜ਼ਮਾਂ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।



