ਅੰਮ੍ਰਿਤਸਰ : ਧਾਰਮਿਕ ਨਗਰੀ ਅੰਮ੍ਰਿਤਸਰ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਵਾਲੀ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇੱਥੇ ਛੇਹਰਟਾ ਇਲਾਕੇ ਵਿੱਚ ਜਾਇਦਾਦ ਦੇ ਵਿਵਾਦ ਨੂੰ ਲੈ ਕੇ ਇੱਕ ਕਲਯੁਗੀ ਭਰਾ ਨੇ ਆਪਣੀ ਹੀ ਸਕੀ ਭੈਣ ‘ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ। ਇਹ ਹਮਲਾ ਘਰ ਦੇ ਬਾਹਰ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਿਆ ਹੈ। ਸਭ ਤੋਂ ਦੁਖਦਾਈ ਗੱਲ ਇਹ ਰਹੀ ਕਿ ਘਟਨਾ ਦੇ ਸਮੇਂ ਪਿਤਾ ਵੀ ਮੌਕੇ ‘ਤੇ ਮੌਜੂਦ ਸੀ, ਪਰ ਉਸ ਨੇ ਆਪਣੀ ਧੀ ਨੂੰ ਬਚਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ।
CCTV ਵਿੱਚ ਕੈਦ ਹੋਈ ਵਾਰਦਾਤ
ਜਾਰੀ ਹੋਈ CCTV ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਪੀੜਤ ਲੜਕੀ ਆਪਣੇ ਘਰ ਤੋਂ ਬਾਹਰ ਆਉਂਦੀ ਹੈ ਤਾਂ ਇੱਕ ਕਾਰ ਉੱਥੇ ਆ ਕੇ ਰੁਕਦੀ ਹੈ। ਕਾਰ ਵਿੱਚੋਂ ਉਤਰਦਿਆਂ ਹੀ ਉਸ ਦਾ ਛੋਟਾ ਭਰਾ ਹੱਥ ਵਿੱਚ ਫੜੀ ਲੋਹੇ ਦੀ ਰਾਡ ਨਾਲ ਭੈਣ ‘ਤੇ ਤਾਬੜਤੋੜ ਵਾਰ ਕਰਨੇ ਸ਼ੁਰੂ ਕਰ ਦਿੰਦਾ ਹੈ। ਪੀੜਤਾ ਦਰਦ ਨਾਲ ਤੜਫਦੀ ਹੋਈ ਚੀਕਾਂ ਮਾਰਦੀ ਹੈ, ਪਰ ਬੇਰਹਿਮ ਭਰਾ ਲਗਾਤਾਰ ਉਸ ਨੂੰ ਨਿਸ਼ਾਨਾ ਬਣਾਉਂਦਾ ਰਹਿੰਦਾ ਹੈ। ਜਦੋਂ ਪਰਿਵਾਰ ਦੀ ਇੱਕ ਹੋਰ ਔਰਤ ਛੁਡਾਉਣ ਲਈ ਬਾਹਰ ਆਉਂਦੀ ਹੈ, ਤਾਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਜਾਂਦਾ ਹੈ।
ਜਾਇਦਾਦ ਦਾ ਵਿਵਾਦ ਬਣਿਆ ਕਾਰਨ
ਪੀੜਤਾ ਦੇ ਵੱਡੇ ਭਰਾ ਮਨਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਛੋਟੀ ਭੈਣ ਨਵਦੀਪ ਕੌਰ ਮੁੰਬਈ ਤੋਂ ਪਰਿਵਾਰ ਨੂੰ ਮਿਲਣ ਆਈ ਸੀ। ਛੋਟਾ ਭਰਾ ਇਸ ਗੱਲ ਤੋਂ ਰੰਜਿਸ਼ ਰੱਖਦਾ ਸੀ ਅਤੇ ਸਾਰੀ ਜਾਇਦਾਦ ‘ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਜਦੋਂ ਨਵਦੀਪ ਖੰਡਵਾਲਾ ਸਥਿਤ ਘਰ ਤੋਂ ਨਿਕਲਣ ਲੱਗੀ ਤਾਂ ਉਸ ‘ਤੇ ਇਹ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਹਮਲੇ ‘ਚ ਨਵਦੀਪ ਦੀ ਲੱਤ ਦੀ ਹੱਡੀ ਬੁਰੀ ਤਰ੍ਹਾਂ ਟੁੱਟ ਗਈ ਹੈ ਅਤੇ ਉਸ ਦੀਆਂ ਦੋਵੇਂ ਲੱਤਾਂ ਤੇ ਹੱਥਾਂ ‘ਤੇ ਗੰਭੀਰ ਸੱਟਾਂ ਆਈਆਂ ਹਨ। ਫਿਲਹਾਲ ਹਸਪਤਾਲ ‘ਚ ਉਸ ਦਾ ਆਪ੍ਰੇਸ਼ਨ ਕੀਤਾ ਜਾ ਰਿਹਾ ਹੈ ਤੇ ਹਾਲਤ ਨਾਜ਼ੁਕ ਬਣੇ ਹੋਏ ਹਨ।
ਪੁਲਿਸ ਨੇ ਸ਼ੁਰੂ ਕੀਤੀ ਕਾਰਵਾਈ
ਮਨਦੀਪ ਸਿੰਘ ਅਨੁਸਾਰ ਮੁਲਜ਼ਮ ਭਰਾ ਪਹਿਲਾਂ ਵੀ ਨਸ਼ੇ ਦੀ ਹਾਲਤ ਵਿੱਚ ਕਿਰਪਾਨਾਂ ਨਾਲ ਹਮਲੇ ਕਰਨ ਅਤੇ ਕੁੱਟਮਾਰ ਕਰਨ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਚੁੱਕਾ ਹੈ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਥਾਣਾ ਛੇਹਰਟਾ ਦੇ ਐੱਸ.ਐੱਚ.ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ ਅਤੇ ਪੁਲਿਸ ਵੱਲੋਂ ਬਯਾਨਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।


