ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਅਤੇ ਚੀਨ ਦਰਮਿਆਨ ਅਸਲ ਕੰਟਰੋਲ ਰੇਖਾ (ਐਲਏਸੀ) ਉੱਤੇ ਤਣਾਅ ਵਿਚਾਲੇ ਅੱਜ ਮੰਗਲਵਾਰ ਨੂੰ ਥਲ ਸੈਨਾ ਮੁੱਖੀ ਐਮਐਮ ਨਰਵਣੇ ਲੇਹ ਦਾ ਦੌਰਾ ਕਰਨਗੇ। ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਹੋਈ ਹਿੰਸਕ ਝੜਪ ਤੋਂ ਬਾਅਦ ਫੌਜ ਮੁੱਖੀ ਪਹਿਲੀ ਵਾਰ ਲੇਹ ਜਾ ਰਹੇ ਹਨ ਜਿੱਥੇ ਉਹ ਫੌਜੀ ਅਧਿਕਾਰੀਆਂ ਅਤੇ ਸੈਨਿਕਾਂ ਨਾਲ ਗੱਲਬਾਤ ਕਰਨਗੇ। ਨਾਲ ਹੀ ਤਾਜ਼ਾ ਹਲਾਤਾਂ ਦਾ ਜਾਇਜ਼ਾ ਲੈਣਗੇ।
ਜਾਣਕਾਰੀ ਮੁਤਾਬਕ ਫੌਜ ਮੁੱਖੀ ਅੱਜ ਦਿੱਲੀ ਵਿਚ ਸੈਨਾ ਦੇ ਕਮਾਂਡਰਾਂ ਦੀ ਕਾਨਫਰੰਸ ਖਤਮ ਹੋਣ ਤੋਂ ਬਾਅਦ ਲੇਹ ਦੇ ਲਈ ਰਵਾਨਾ ਹੋਣਗੇ। ਉਹ ਉੱਥੇ 14 ਕੋਰ ਦੇ ਅਧਿਕਾਰੀਆਂ ਨਾਲ ਜ਼ਮੀਨੀ ਸਥਿਤੀ ਅਤੇ ਚੀਨੀ ਫੌਜ ਨਾਲ ਗੱਲਬਾਤ ਵਿਚ ਹੋਈ ਪ੍ਰਗਤੀ ਦੀ ਸਮੀਖਿਆ ਕਰਨਗੇ। ਐਮਐਮ ਨਰਵਣੇ ਦਾ ਇਹ ਦੌਰਾਨ ਸੈਨਾ ਦੀ ਤਿਆਰੀਆਂ ਪੱਖੋਂ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਚੀਨ ਦੀ ਚਾਲਬਾਜ਼ ਹਰਕਤਾਂ ਤੋਂ ਬਾਅਦ ਐਲਏਸੀ ਉੱਤੇ ਸੈਨਾ ਦੀ ਸੰਖਿਆ ਵਧਾ ਦਿੱਤੀ ਗਈ ਹੈ। ਮੀਡੀਆ ਦੀ ਰਿਪੋਰਟਾਂ ਦੀ ਮੰਨੀਏ ਤਾਂ ਆਰਮੀ ਚੀਫ ਲੇਹ ਦੇ ਮਿਲਟਰੀ ਹਸਪਤਾਲ ਵਿਚ ਇਲਾਜ ਕਰਵਾ ਰਹੇ ਜ਼ਖ਼ਮੀ ਜਵਾਨਾਂ ਨੂੰ ਵੀ ਮਿਲ ਸਕਦੇ ਹਨ, ਜੋ ਕਿ ਚੀਨ ਨਾਲ ਹਿੰਸਕ ਝੜਪ ਵਿਚ ਫੱਟੜ ਹੋ ਗਏ ਸਨ। ਇਸ ਤੋਂ ਇਲਾਵਾ ਉਹ 14 ਕੋਰ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਨਾਲ ਵੀ ਮੁਲਾਕਾਤ ਕਰਨਗੇ। ਸਿੰਘ ਉਨ੍ਹਾਂ ਨੂੰ ਬੀਤੇ ਦਿਨ ਚੀਨੀ ਫੌਜੀ ਕਮਾਂਡਰ ਨਾਲ ਹੋਈ ਮੀਟਿੰਗ ਦਾ ਬਿਊਰਾ ਦੇਣਗੇ।
ਦੱਸ ਦਈਏ ਕਿ ਦੋਵਾਂ ਦੇਸ਼ਾਂ ਦੇ ਕਮਾਂਡਰਾਂ ਵਿਚਾਲੇ ਬੀਤੇ ਸੋਮਵਾਰ ਨੂੰ 11 ਘੰਟੇ ਦੀ ਲੰਬੀ ਬੈਠਕ ਹੋਈ ਸੀ, ਜਿਸ ਵਿਚ ਭਾਰਤ ਦਾ ਪੱਖ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਨੇ ਰੱਖਿਆ ਸੀ ਅਤੇ ਚੀਨ ਦੀ ਅਗਵਾਈ ਮੇਜਰ ਜਨਰਲ ਲਿਊ ਲਿਨ ਨੇ ਕੀਤੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਨੇ ਚੀਨ ਨੂੰ 4 ਮਈ ਤੋਂ ਪਹਿਲਾਂ ਵਾਲੀ ਸਥਿਤੀ ਨੂੰ ਬਣਾ ਕੇ ਰੱਖਣ ਦੀ ਮੰਗ ਕੀਤੀ ਸੀ। ਲੱਦਾਖ ਸਰਹੱਦ ਉੱਤੇ ਮਿਲਟਰੀ ਪੁਜ਼ੀਸ਼ਨਾਂ ਤੋਂ ਚੀਨੀ ਸੈਨਾ ਨੂੰ ਪਿੱਛੇ ਹੱਟਣ ਲਈ ਕਿਹਾ ਗਿਆ ਸੀ। ਹਾਲਾਂਕਿ ਚੀਨ ਵੱਲੋਂ ਪਿੱਛੇ ਹੱਟਣ ਨੂੰ ਲੈ ਕੇ ਕੋਈ ਖਾਸ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।

