ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਹੈਵਾਨ’ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਬਣੇ ਹੋਏ ਹਨ। ਇਸ ਫਿਲਮ ਵਿੱਚ ਅਕਸ਼ੈ ਕੁਮਾਰ ਇੱਕ ਖਤਰਨਾਕ ਖਲਨਾਇਕ ਦੀ ਭੂਮਿਕਾ ਨਿਭਾਉਂਦੇ ਹੋਏ ਦਿਖਾਈ ਦੇਣਗੇ, ਜਦਕਿ ਸੈਫ ਅਲੀ ਖਾਨ ਵੀ ਉਨ੍ਹਾਂ ਦੇ ਨਾਲ ਇੱਕ ਅਹਿਮ ਕਿਰਦਾਰ ਵਿੱਚ ਨਜ਼ਰ ਆਉਣਗੇ। ਬੁੱਧਵਾਰ ਨੂੰ ਇਸ ਫਿਲਮ ਦਾ ਦਮਦਾਰ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ। ਅਕਸ਼ੈ ਕੁਮਾਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੋਂ ਟੀਜ਼ਰ ਸਾਂਝਾ ਕਰਦਿਆਂ ਕੈਪਸ਼ਨ ਵਿੱਚ ਲਿਖਿਆ, ‘ਉਹ ਖ਼ਤਰੇ ਨੂੰ ਸੁਣਦਾ ਹੈ। ਮੈਂ ਹੀ ਖ਼ਤਰਾ ਹਾਂ। ਹੁਣ ਜਿੱਤ ਕਿਸ ਦੀ ਹੋਵੇਗੀ? ਹੀਰੋ ਜਾਂ ਹੈਵਾਨ?’ ਇਹ ਫਿਲਮ ਇਸ ਸਾਲ 11 ਸਤੰਬਰ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।
ਜਾਣੋ ਦੋਵਾਂ ਅਦਾਕਾਰਾਂ ਦੇ ਕੀ ਹੋਣਗੇ ਕਿਰਦਾਰ
ਪ੍ਰਿਯਦਰਸ਼ਨ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਦੇ ਟੀਜ਼ਰ ਨੇ ਦਰਸ਼ਕਾਂ ਵਿੱਚ ਉਤਸੁਕਤਾ ਹੋਰ ਵਧਾ ਦਿੱਤੀ ਹੈ। ਟੀਜ਼ਰ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੈਫ ਅਲੀ ਖਾਨ ਇੱਕ ਅੰਨ੍ਹੇ ਵਿਅਕਤੀ ਦੀ ਭੂਮਿਕਾ ਵਿੱਚ ਹਨ, ਜੋ ਹੱਥ ਵਿੱਚ ਛੜੀ ਫੜ ਕੇ ਚੱਲ ਰਹੇ ਹਨ। ਦੂਜੇ ਪਾਸੇ, ਅਕਸ਼ੈ ਕੁਮਾਰ ਬੇਫਿਕਰ ਹੋ ਕੇ ਫੁੱਟਬਾਲ ਨਾਲ ਖੇਡਦੇ ਹੋਏ ਦਿਖਾਈ ਦੇ ਰਹੇ ਹਨ। ਟੀਜ਼ਰ ਵਿੱਚ ਕੋਈ ਡਾਇਲਾਗ ਨਹੀਂ ਹੈ, ਸਿਰਫ਼ ਇੱਕ ਡਰਾਉਣੀ ਜਿਹੀ ਧੁਨ ਅਤੇ ਇਨ੍ਹਾਂ ਦੋਵਾਂ ਸਿਤਾਰਿਆਂ ਦੀ ਖੌਫ਼ਨਾਕ ਝਲਕ ਹੀ ਦੇਖਣ ਨੂੰ ਮਿਲਦੀ ਹੈ।
18 ਸਾਲ ਬਾਅਦ ਇੱਕੋ ਫਿਲਮ ਵਿੱਚ ਇਕੱਠੇ ਦਿਖਣਗੇ ਦੋਵਾਂ ਅਦਾਕਾਰ
ਖਾਸ ਗੱਲ ਇਹ ਹੈ ਕਿ ਫਿਲਮ ‘ਹੈਵਾਨ’ ਦੇ ਜ਼ਰੀਏ ਅਕਸ਼ੈ ਕੁਮਾਰ ਅਤੇ ਸੈਫ ਅਲੀ ਖਾਨ ਲਗਭਗ 18 ਸਾਲਾਂ ਬਾਅਦ ਵੱਡੇ ਪਰਦੇ ‘ਤੇ ਇਕੱਠੇ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਇਸ ਜੋੜੀ ਨੂੰ ਸਾਲ 2008 ਵਿੱਚ ਆਈ ਫਿਲਮ ‘ਟਸ਼ਨ’ ਵਿੱਚ ਦੇਖਿਆ ਗਿਆ ਸੀ। ਇਸ ਫਿਲਮ ਵਿੱਚ ਇਨ੍ਹਾਂ ਦੋਵਾਂ ਤੋਂ ਇਲਾਵਾ ਬੋਮਨ ਇਰਾਨੀ, ਸ਼੍ਰਿਆ ਪਿਲਗਾਂਵਕਰ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।


