ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਅਤੇ ਚੀਨ ਵਿਚਾਲੇ ਅਸਲ ਕੰਟਰੋਲ ਰੇਖਾ ਉੱਤੇ ਪੂਰਬੀ ਲੱਦਾਖ ਵਿਚ ਤਣਾਅ ਦੀ ਸਥਿਤੀ ਬਣੀ ਹੋਈ ਹੈ। ਦੋਵੇਂ ਦੇਸ਼ਾਂ ਦੀਆਂ ਫੌਜਾ ਕੇਵਲ 500 ਮੀਟਰ ਦੀ ਦੂਰੀ ਉੱਤੇ ਇਕ–ਦੂਜੇ ਦੇ ਆਹਮੋ-ਸਾਹਮਣੇ ਹਨ। ਉੱਥੇ ਹੀ ਚੀਨ ਦੀ ਹਰਕਤ ਦਾ ਜਵਾਬ ਦੇਣ ਲਈ ਹੁਣ ਭਾਰਤੀ ਹਵਾਈ ਫੌਜ ਨੇ ਐਲਏਸੀ ਉੱਤੇ ਏਅਰ ਡਿਫੈਂਸ ਸਿਸਟਮ ਤਾਇਨਾਤ ਕਰ ਦਿੱਤਾ ਹੈ, ਜਿਸ ਵਿਚ ਆਕਾਸ਼ ਮਿਜ਼ਾਈਲ ਸ਼ਾਮਲ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਹੁਣ ਪੂਰੇ ਸੈਕਟਰ ਵਿਚ ਐਡਵਾਸ ਕਵੀਕ ਰਿਐਕਸ਼ਨ ਵਾਲਾ ਸਰਫੇਸ-ਟੂ-ਏਅਰ(ਜ਼ਮੀਨ ਤੋਂ ਹਵਾ) ਮਿਜ਼ਾਈਲ ਡਿਫੈਂਸ ਸਿਸਟਮ ਮੌਜੂਦ ਹੈ, ਜੋ ਚੀਨ ਦੇ ਕਿਸੇ ਵੀ ਲੜਾਕੂ ਜਹਾਜ਼ ਨੂੰ ਸੈਕਿੰਡਾ ਵਿਚ ਤਬਾਹ ਕਰ ਸਕਦਾ ਹੈ। ਇਸ ਤੋਂ ਇਲਾਵਾ ਭਾਰਤ ਨੇ ਸਰਹੱਦ ਉੱਤੇ ਹਾਵਿਤਜ਼ਰ ਤੋਪਾਂ, ਸੈਨਾ ਲਈ ਵਾਹਨਾਂ ਅਤੇ ਲਗਭਗ 10 ਹਜ਼ਾਰ ਵਾਧੂ ਸੈਨਿਕ ਤਾਇਨਾਤ ਕੀਤੇ ਹੋਏ ਹਨ। ਉੱਥੇ ਹੀ ਹਵਾਈ ਸੈਨਾ ਦੇ ਮਿਰਾਜ਼-2000, ਸੁਖੋਈ-30 ਐਮਕੇਆਈ, ਮਿਗ-29 ਅਤੇ ਜੈਗੂਆਰ ਵਰਗੇ ਲੜਾਕੂ ਜਹਾਜ਼ ਆਸਮਾਨ ਵਿਚ ਲਗਾਤਾਰ ਗਸਤ ਕਰ ਰਹੇ ਹਨ ਅਤੇ ਚੀਨ ਦੀ ਹਰ ਗਤੀਵਿਧੀ ਉੱਤੇ ਨਜ਼ਰ ਰੱਖੀ ਜਾ ਰਹੀ ਹੈ। ਰਿਪੋਰਟਾਂ ਮੁਤਾਬਕ ਚੀਨੀ ਸੈਨਾ ਨੇ ਗਲਵਾਨ ਘਾਟੀ ਤੋਂ ਬਾਅਦ ਪੈਂਗੌਗ ਝੀਲ ਦੇ ਉੱਤਰੀ ਕਿਨਾਰੇ ਉੱਤੇ ਹੁਣ ਹੈਲੀਪੈਡ ਦਾ ਨਿਰਮਾਣ ਵੀ ਸ਼ੁਰੂ ਕਰ ਦਿੱਤਾ ਹੈ। ਚੀਨੀ ਸੈਨਿਕ ਪਹਿਲਾਂ ਹੀ ਇੱਥੇ ਵੱਡੀ ਸੰਖਿਆ ਵਿਚ ਮੌਜੂਦ ਹਨ ਪਰ ਹੈਲੀਪੈਡ ਦੇ ਨਿਰਮਾਣ ਦੀਆਂ ਖਬਰਾਂ ਤੋਂ ਬਾਅਦ ਭਾਰਤ ਲਈ ਚਿੰਤਾ ਹੋਰ ਵੱਧ ਸਕਦੀ ਹੈ।
ਦੱਸ ਦਈਏ ਕਿ ਦੋ ਦਿਨ ਪਹਿਲਾਂ ਥਲ ਸੈਨਾ ਮੁੱਖੀ ਐਮਐਮ ਨਰਵਣੇ ਵੀ ਪੂਰਬੀ ਲੱਦਾਖ ਦਾ ਦੌਰਾ ਕਰਕੇ ਦਿੱਲੀ ਵਾਪਸ ਪਰਤੇ ਹਨ। ਉਨ੍ਹਾਂ ਨੇ ਪੀਐਮ ਨਰਿੰਦਰ ਮੋਦੀ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਐਲਏਸੀ ਦੀ ਤਾਜ਼ਾ ਸਥਿਤੀ ਬਾਰੇ ਜਾਣੂ ਕਰਵਾਇਆ ਹੈ ਅਤੇ ਭਰੋਸਾ ਦਿੱਤਾ ਹੈ ਕਿ ਭਾਰਤ ਸੈਨਿਕ ਚੀਨ ਦੀ ਹਰ ਹਿਮਾਕਤ ਦਾ ਜਵਾਬ ਦੇਣ ਲਈ ਪੂਰੀ ਤਰ੍ਹਾ ਸਮਰੱਥ ਅਤੇ ਤਿਆਰ ਹਨ।

