ਚੰਡੀਗੜ੍ਹ- ਸਿੱਧੂ ਮੂਸੇਵਾਲਾ ਦੇ ਐੱਸ.ਵਾਈ.ਐੱਲ. ਅਤੇ ਕੰਵਰ ਗ੍ਰੇਵਾਲ ਦੇ ਰਿਹਾਈ ਗੀਤ ਨੂੰ ਯੂ-ਟਿਊਬ ‘ਤੇ ਬੈਨ ਕਰਨ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ (ਬਾਦਲ) ਭੜਕ ਗਿਆ ਹੈ। ਇਸ ਦੇ ਵਿਰੋਧ ਵਿਚ ਯੂਥ ਅਕਾਲੀ ਦਲ ਪੰਜਾਬ ਵਿਚ ਟ੍ਰੈਕਟਰ ਮਾਰਚ ਕੱਢਿਆ ਜਾਵੇਗਾ। ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਬੈਨ ਕੀਤਾ ਰਿਹਾਈ ਗੀਤ ਸੁਣ ਕੇ ਵਿਰੋਧ ਜਤਾਇਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਮਸਲਿਆਂ ਨੂੰ ਚੁੱਕਦੇ ਐੱਸ.ਵਾਈ.ਐੱਲ. ਅਤੇ ਰਿਹਾਈ ਵਰਗੇ ਗੀਤ ਬੈਨ ਕਰਨਾ ਵਿਚਾਰਾਂ ਨੂੰ ਪ੍ਰਗਟ ਕਰਨ ਦੇ ਲੋਕਤਾਂਤਰਿਕ ਅਧਿਕਾਰ ਦੀ ਉਲੰਘਣਾ ਹੈ। ਇਸ ਨਾਇਨਸਾਫੀ ਦੇ ਖਿਲਾਫ ਆਵਾਜ਼ ਬੁਲੰਦ ਕਰਾਂਗੇ।
ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਦਾ ਐੱਸ.ਵਾਈ.ਐੱਲ. ਗੀਤ ਰਿਲੀਜ਼ ਹੋਇਆ ਸੀ। ਇਹ ਗੀਤ ਪੰਜਾਬ ਅਤੇ ਹਰਿਆਣਾ ਦੇ ਵਿਵਾਦ ਦੀ ਵਜ੍ਹਾ ਸਤਲੁਜ-ਯਮੁਨਾ ਲਿੰਕ ਨਹਰ ਨਾਲ ਜੁੜਿਆ ਹੈ। ਜਿਸ ਵਿਚ ਮੂਸੇਵਾਲਾ ਨੇ ਇਸ ਮੁੱਦੇ ਦੇ ਨਾਲ ਜੇਲਾਂ ਵਿਚ ਬੰਦ ਸਿੱਖਾਂ ਦਾ ਵੀ ਮੁੱਦਾ ਚੁੱਕਿਆ। ਉਥੇ ਹੀ ਕੰਵਰ ਗਰੇਵਾਲ ਨੇ ਵੀ ਆਪਣੀ ਰਿਹਾਈ ਗੀਤ ਵਿਚ ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਹੈ। ਜਿਸ ਤੋਂ ਬਾਅਦ ਭਾਰਤੀ ਕਾਨੂੰਨ ਦਾ ਹਵਾਲਾ ਦੇ ਕੇ ਯੂ-ਟਿਊਬ ਨੇ ਭਾਰਤ ਵਿਚ ਬੈਨ ਕਰ ਦਿੱਤਾ। ਸ਼ਿਅਦ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਐੱਨ.ਡੀ.ਏ. ਦੀ ਰਾਸ਼ਟਰਪਤੀ ਅਹੁਦੇ ਉਮੀਦਵਾਰ ਦ੍ਰੌਪਦੀ ਮੁਰਮੂ ਨੂੰ ਵੀ ਚਿੱਠੀ ਲਿਖੀ ਹੈ। ਜਿਸ ਵਿਚ ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਹੈ। ਇਸ ਤੋਂ ਪਹਿਲਾਂ ਸੰਗਰੂਰ ਲੋਕ ਸਭਾ ਉਪ ਚੋਣਾਂ ਵੀ ਅਕਾਲੀ ਦਲ ਨੇ ਬੰਦੀ ਸਿੱਖਾਂ ਦੇ ਮੁੱਦੇ ‘ਤੇ ਲੜੀਆਂ।
