ਚੰਡੀਗੜ੍ਹ : ਪੰਜਾਬ ਵਿੱਚ ਰੀਅਲ ਅਸਟੇਟ ਖੇਤਰ ਨਾਲ ਜੁੜੇ ਮਾਮਲਿਆਂ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਦਾ ਸ਼ਿਕੰਜਾ ਲਗਾਤਾਰ ਕੱਸਦਾ ਜਾ ਰਿਹਾ ਹੈ। ਗਮਾਡਾ (GMADA) ਦੇ ਦਫ਼ਤਰ ਵਿੱਚ ਤਿੰਨ ਦਿਨ ਤੱਕ ਲਗਾਤਾਰ ਪੜਤਾਲ ਕਰਨ ਤੋਂ ਬਾਅਦ, ਹੁਣ ਈ.ਡੀ. ਦੀ 15 ਮੈਂਬਰੀ ਟੀਮ ਨੇ ਮੋਹਾਲੀ ਦੇ ਸੈਕਟਰ-119 ਸਥਿਤ TDI Infratech ਦੇ ਦਫ਼ਤਰ ਉੱਤੇ ਵੱਡੀ ਛਾਪਾਮਾਰੀ ਕੀਤੀ ਹੈ। ਸੋਮਵਾਰ ਸਵੇਰ ਤੋਂ ਹੀ ਟੀਮ ਵੱਲੋਂ ਦਫ਼ਤਰ ਅੰਦਰ ਮਹੱਤਵਪੂਰਨ ਦਸਤਾਵੇਜ਼ਾਂ ਅਤੇ ਰਿਕਾਰਡ ਨੂੰ ਬਾਰੀਕੀ ਨਾਲ ਖੰਘਾਲਿਆ ਜਾ ਰਿਹਾ ਹੈ।
ਸਵੇਰ ਤੋਂ ਹੀ ਦਫ਼ਤਰ ਵਿੱਚ ਡਟੀਆਂ ਨੇ ਈ.ਡੀ. ਦੀਆਂ ਟੀਮਾਂ
ਮਿਲ ਰਹੀ ਜਾਣਕਾਰੀ ਅਸਾਰ, ਈ.ਡੀ. ਦੇ 15 ਅਧਿਕਾਰੀਆਂ ਦੀ ਵਿਸ਼ੇਸ਼ ਟੀਮ ਸੋਮਵਾਰ ਤੜਕੇ ਹੀ ਮੋਹਾਲੀ ਸਥਿਤ ਟੀ.ਡੀ.ਆਈ. ਦੇ ਮੁੱਖ ਦਫ਼ਤਰ ਪਹੁੰਚ ਗਈ ਸੀ। ਟੀਮ ਵੱਲੋਂ ਕੰਪਨੀ ਦੇ ਉੱਚ ਅਧਿਕਾਰੀਆਂ ਤੋਂ ਵੀ ਮੌਕੇ ‘ਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਰੀਅਲ ਅਸਟੇਟ ਪ੍ਰੋਜੈਕਟਾਂ ਵਿੱਚ ਵਿੱਤੀ ਬੇਨਿਯਮੀਆਂ ਅਤੇ ਲੈਣ-ਦੇਣ ਨੂੰ ਲੈ ਕੇ ਇਹ ਵੱਡੀ ਕਾਰਵਾਈ ਅੰਜਾਮ ਦਿੱਤੀ ਜਾ ਰਹੀ ਹੈ।
ਗਮਾਡਾ ਦਫ਼ਤਰ ਵਿੱਚ ਵੀ ਸਾਹਮਣੇ ਆਏ ਸਨ ਵੱਡੇ ਖੁਲਾਸੇ
ਜ਼ਿਕਰਯੋਗ ਹੈ ਕਿ ਟੀ.ਡੀ.ਆਈ. ਤੋਂ ਕੁਝ ਦਿਨ ਪਹਿਲਾਂ ਈ.ਡੀ. ਦੀਆਂ ਟੀਮਾਂ ਨੇ ਗਮਾਡਾ (Greater Mohali Area Development Authority) ਦੇ ਦਫ਼ਤਰ ਵਿੱਚ ਲਗਾਤਾਰ ਤਿੰਨ ਦਿਨ ਤੱਕ ਡੇਰੇ ਲਾਏ ਸਨ। ਇਸ ਦੌਰਾਨ ਏਜੰਸੀ ਵੱਲੋਂ ਜ਼ਮੀਨਾਂ ਨਾਲ ਜੁੜੇ ਰਿਕਾਰਡ, ਸੀ.ਐੱਲ.ਯੂ. (Change of Land Use), ਪ੍ਰੋਜੈਕਟਾਂ ਨੂੰ ਮਿਲੀਆਂ ਮਨਜ਼ੂਰੀਆਂ ਅਤੇ ਵਿੱਤੀ ਲੈਣ-ਦੇਣ ਦੀਆਂ ਫਾਈਲਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਸੀ।
ਪੰਜਾਬ ਵਿੱਚ ਰੀਅਲ ਅਸਟੇਟ ਮਾਫ਼ੀਆ ਅਤੇ ਕਾਰੋਬਾਰੀ ਈ.ਡੀ. ਦੇ ਰਡਾਰ ‘ਤੇ
ਆਉਂਦੇ ਦਿਨਾਂ ਵਿੱਚ ਜਾਂਚ ਦਾ ਘੇਰਾ ਹੋਰ ਵਿਸ਼ਾਲ ਹੋਣ ਦੇ ਆਸਾਰ ਹਨ। ਇਸ ਤੋਂ ਪਹਿਲਾਂ ਵੀ ਈ.ਡੀ. ਵੱਲੋਂ ਸੂਬੇ ਦੇ ਕਈ ਪ੍ਰਮੁੱਖ ਰੀਅਲ ਅਸਟੇਟ ਕਾਰੋਬਾਰੀਆਂ ਅਤੇ ਇੱਥੋਂ ਤੱਕ ਕਿ ਪੰਜਾਬ ਦੇ ਇੱਕ ਕੈਬਨਿਟ ਮੰਤਰੀ ਦੇ ਭਾਂਜੇ ਦੇ ਘਰ ਵੀ ਛਾਪੇਮਾਰੀ ਕੀਤੀ ਜਾ ਚੁੱਕੀ ਹੈ। ਇਨ੍ਹਾਂ ਸਾਰੀਆਂ ਕਾਰਵਾਈਆਂ ਨੂੰ ਆਪਸ ਵਿੱਚ ਜੋੜ ਕੇ ਦੇਖਿਆ ਜਾ ਰਿਹਾ ਹੈ।
ਅਧਿਕਾਰਤ ਬਿਆਨ ਦੀ ਉਡੀਕ
ਫਿਲਹਾਲ ਈ.ਡੀ. ਵੱਲੋਂ ਇਸ ਛਾਪਾਮਾਰੀ ਦੇ ਅਸਲ ਕਾਰਨਾਂ ਅਤੇ ਜ਼ਪਤ ਕੀਤੇ ਗਏ ਦਸਤਾਵੇਜ਼ਾਂ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਇਸ ਪੂਰੇ ਮਾਮਲੇ ਵਿੱਚ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



