ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਕੇਂਦਰ ਸਰਕਾਰ ਵੱਲੋਂ ਪਿਛਲੇ 6 ਦਿਨਾਂ ਦੀ ਸਥਿਰਤਾ ਤੋਂ ਬਾਅਦ, ਮੰਗਲਵਾਰ ਨੂੰ ਇੱਕ ਵਾਰ ਫਿਰ ਪੈਟਰੋਲ, ਡੀਜਲ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਗਈ ਹੈ। ਦਸ ਦਈਏ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਪੈਟਰੋਲ 5 ਪੈਸੇ ਸਸਤਾ ਹੋਇਆ ਹੈ। ਇਸ ਕਟੌਤੀ ਤੋਂ ਬਾਅਦ ਦਿੱਲੀ ਵਿੱਚ ਪੈਟਰੋਲ 73.22 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ, ਜੇ ਗੱਲ ਡੀਜ਼ਲ ਦੀ ਕਰੀਏ ਤਾਂ ਇਸ ਦੀ ਕੀਮਤ ‘ਚ 6 ਪੈਸੇ ਦੀ ਕਮੀ ਆਈ ਹੈ ਅਤੇ ਇਹ ਦਿੱਲੀ ਵਿੱਚ 66.11 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਕਈ ਮਹਾਨਗਰਾਂ ਵਿੱਚ ਦੇਖਣ ਨੂੰ ਮਿਲੀ ਕਟੌਤੀ
ਡੀਜ਼ਲ ਦੀਆਂ ਕੀਮਤਾਂ ਵਿੱਚ ਅੰਤਿਮ ਕਟੌਤੀ ਐਤਵਾਰ ਦੇਖਣ ਨੂੰ ਮਿਲੀ ਸੀ। ਉਸ ਦਿਨ ਡੀਜ਼ਲ 7 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਸੀ। ਉੱਥੇ ਹੀ ਪੈਟਰੋਲ ਦੀਆਂ ਕੀਮਤਾਂ ਵਿੱਚ 12 ਅਕਤੂਬਰ ਨੂੰ ਕਟੌਤੀ ਦੇਖਣ ਨੂੰ ਮਿਲੀ ਸੀ। ਇਸ ਦਿਨ ਦਿੱਲੀ, ਕੋਲਕਾਤਾ ਅਤੇ ਮੁੰਬਈ ਵਿਚ 10 ਪੈਸੇ ਦੀ ਕਮੀ ਨਾਲ ਪੈਟਰੋਲ ਦੀਆਂ ਕੀਮਤਾਂ ਵਿੱਚ ਕਟੌਤੀ ਆਈ ਸੀ, ਜਦਕਿ ਚੇਨਈ ਵਿੱਚ 11 ਪੈਸੇ ਪ੍ਰਤੀ ਲੀਟਰ ਦੀ ਕਮੀ ਨਾਲ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ‘ਚ ਕਟੌਤੀ ਹੋਈ ਸੀ।
ਇੰਡੀਅਨ ਆਇਲ ਦੀ ਵੈੱਬਸਾਈਟ ਦੇ ਅਨੁਸਾਰ ਕੋਲਕਾਤਾ, ਮੁੰਬਈ ਅਤੇ ਚੇਨਈ ਵਿੱਚ ਪੈਟਰੋਲ ਦੀਆਂ ਕੀਮਤਾਂ ਕ੍ਰਮਵਾਰ 75.87 ਰੁਪਏ, 78.83 ਰੁਪਏ ਅਤੇ 76.04 ਰੁਪਏ ਪ੍ਰਤੀ ਲੀਟਰ ‘ਤੇ ਆ ਗਈਆਂ ਹਨ। ਇਸ ਦੇ ਨਾਲ ਹੀ ਇਨ੍ਹਾਂ ਤਿੰਨ ਮਹਾਨਗਰਾਂ ਵਿਚ ਡੀਜ਼ਲ ਦੀਆਂ ਕੀਮਤਾਂ ਵੀ ਕ੍ਰਮਵਾਰ 68.47 ਰੁਪਏ, 69.29 ਰੁਪਏ ਅਤੇ 69.83 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ।
ਕੱਚੇ ਤੇਲ ਦੀਆਂ ਕੀਮਤਾਂ
ਇਸ ਦੌਰਾਨ ਅੰਤਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਪਿਛਲੇ ਚਾਰ ਦਿਨਾਂ ਤੋਂ ਸੁਸਤੀ ਵੇਖਣ ਨੂੰ ਮਿਲੀ ਹੈ। ਅੰਤਰਰਾਸ਼ਟਰੀ ਫਿਉਚਰਜ਼ ਮਾਰਕੀਟ ਇੰਟਰ ਕੌਂਟੀਨੈਂਟਲ ਐਕਸਚੇਂਜ ਉੱਤੇ ਬ੍ਰੈਂਟ ਕਰੂਡ ਦੇ ਦਸੰਬਰ ਸਮਝੌਤਾ ‘ਤੇ ਮੰਗਲਵਾਰ ਨੂੰ 0.08 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 58.91 ਡਾਲਰ ਪ੍ਰਤੀ ਬੈਰਲ’ ਤੇ ਕਾਰੋਬਾਰ ਚੱਲ ਰਿਹਾ ਸੀ। ਉਸੇ ਸਮੇਂ, ਨਿਉਯਾਰਕ ਐਕਸਚੇਂਜ ‘ਤੇ ਅਮਰੀਕੀ ਲਾਈਟ ਕਰੂਡ 0.06 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ ਵੈਸਟ ਟੈਕਸਸ ਇੰਟਰਮੀਡੀਏਟ ਦੇ ਦਸੰਬਰ ਡਿਲਿਵਰੀ ਸਮਝੌਤੇ’ ਚ 53.67 ਡਾਲਰ ਪ੍ਰਤੀ ਬੈਰਲ ‘ਤੇ ਕਾਰੋਬਾਰ ਹੋ ਰਿਹਾ ਸੀ ।

