Punjab News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਬਜੀਤ ਕੌਰ ਮਾਣੂਕੇ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਕੈਨੇਡਾ ਦੇ ਐੱਨਆਰਆਈ ਦੇ ਘਰ ਉੱਤੇ ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਣੂਕੇ ਵੱਲੋਂ ਕਬਜ਼ਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਕਾਰਵਾਈ ਦੀ ਮੰਗ ਕੀਤੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਬਜਾਏ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਨ ਅਤੇ ਵਿਧਾਇਕ ਖਿਲਾਫ ਕੇਸ ਦਰਜ ਕਰ ਕੇ ਗੈਰ ਕਾਨੂੰਨੀ ਕਾਬਜ਼ਕਾਰਾਂ ਤੋਂ ਘਰ ਖਾਲੀ ਕਰਵਾਉਣ ਦੇ, ਪੰਜਾਬ ਪੁਲਿਸ ਮਾਮਲੇ ਨੂੰ ਦੱਬ ਕੇ ਬੈਠੀ ਹੈ। ਉਹਨਾਂ ਕਿਹਾ ਕਿ ਇਸ ਨਾਲ ਐੱਨਆਰਆਈ ਭਾਈਚਾਰੇ ਲਈ ਗਲਤ ਸੰਦੇਸ਼ ਗਿਆ ਹੈ ਕਿ ਉਹਨਾਂ ਦੀਆਂ ਪੰਜਾਬ ਵਿਚ ਜ਼ਮੀਨਾਂ ਤੇ ਜਾਇਦਾਦ ਸੁਰੱਖਿਅਤ ਨਹੀਂ ਹੈ ਖਾਸ ਤੌਰ ’ਤੇ ਸੱਤਾਧਾਰੀ ਪਾਰਟੀ ਦੇ ਲੋਕ ਅਜਿਹਾ ਕਰ ਰਹੇ ਹਨ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਸ ਵਿਚ ਕਾਰਵਾਈ ਲਈ ਕਰਨ ਲਈ ਕਿਹਾ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਐਨ ਆਰ ਆਈ ਅਮਰਜੀਤ ਕੌਰ ਨੇ ਡੀਜੀਪੀ ਦੇ ਨਾਲ ਨਾਲ ਮੰਤਰੀ ਦਾ ਵੀ ਕੁੰਡਾ ਖੜਕਾਇਆ ਸੀ ਪਰ ਹੁਣ ਤੱਕ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲੀ।



