ਗੁਰਦਾਸਪੁਰ : ਵਿਦੇਸ਼ਾਂ ਦੀ ਧਰਤੀ ਤੋਂ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ 33 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਉਰਫ਼ ਜੇਪੀ ਦੀ ਅਮਰੀਕਾ ਵਿੱਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਪਿੱਛੇ ਪਤਨੀ ਤੇ ਦੋ ਮਾਸੂਮ ਬੱਚੀਆਂ ਛੱਡ ਗਿਆ ਹੈ।
ਸੜਕ ਹਾਦਸੇ ਮਗਰੋਂ ਹਸਪਤਾਲ ‘ਚ ਤੋੜਿਆ ਦਮ
ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਗੁਰਪ੍ਰੀਤ ਸਿੰਘ ਪਿਛਲੇ 8 ਸਾਲਾਂ ਤੋਂ ਸੁਨੇਹਰੀ ਭਵਿੱਖ ਦੀ ਤਲਾਸ਼ ਵਿੱਚ ਅਮਰੀਕਾ ਰਹਿ ਰਿਹਾ ਸੀ ਅਤੇ ਉੱਥੇ ‘ਉਬਰ’ ਟੈਕਸੀ ਚਲਾ ਕੇ ਗੁਜ਼ਾਰਾ ਕਰਦਾ ਸੀ। ਬੀਤੀ 27 ਜਨਵਰੀ ਨੂੰ ਜਦੋਂ ਉਹ ਸਵਾਰੀਆਂ ਲੈ ਕੇ ਜਾ ਰਿਹਾ ਸੀ, ਤਾਂ ਅਚਾਨਕ ਗੱਡੀ ਚਲਾਉਂਦੇ ਸਮੇਂ ਉਸਨੂੰ ਦਿਲ ਦਾ ਦੌਰਾ ਪੈ ਗਿਆ। ਇਸ ਕਾਰਨ ਉਸ ਦੀ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ। ਇਸ ਭਿਆਨਕ ਹਾਦਸੇ ਵਿੱਚ ਗੁਰਪ੍ਰੀਤ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ।
ਠੀਕ ਹੋ ਰਿਹਾ ਸੀ ਗੁਰਪ੍ਰੀਤ
ਮ੍ਰਿਤਕ ਦੇ ਪਿਤਾ ਗੁਰਬਖਸ਼ ਸਿੰਘ ਅਤੇ ਰਿਸ਼ਤੇਦਾਰਾਂ ਨੇ ਭਰੇ ਮਨ ਨਾਲ ਦੱਸਿਆ ਕਿ ਹਸਪਤਾਲ ਵਿੱਚ ਗੁਰਪ੍ਰੀਤ ਦਾ ਇਲਾਜ ਬਹੁਤ ਵਧੀਆ ਚੱਲ ਰਿਹਾ ਸੀ। ਉਹ ਕਾਫੀ ਹੱਦ ਤੱਕ ਸਿਹਤਮੰਦ ਹੋ ਚੁੱਕਾ ਸੀ ਅਤੇ ਇੱਕ-ਦੋ ਦਿਨਾਂ ਵਿੱਚ ਉਸਨੂੰ ਹਸਪਤਾਲ ਤੋਂ ਛੁੱਟੀ ਮਿਲਣ ਵਾਲੀ ਸੀ। ਪਰ ਅਚਾਨਕ ਹਸਪਤਾਲ ਵਿੱਚ ਹੀ ਉਸਨੂੰ ਦੁਬਾਰਾ ਦਿਲ ਦਾ ਦੌਰਾ ਪੈ ਗਿਆ, ਜੋ ਜਾਨਲੇਵਾ ਸਾਬਤ ਹੋਇਆ।
ਪਰਿਵਾਰ ਨੇ ਸਰਕਾਰਾਂ ਨੂੰ ਕੀਤੀ ਭਾਵੁਕ ਅਪੀਲ
ਇਸ ਦੁਖਦਾਈ ਘੜੀ ਵਿੱਚ ਮ੍ਰਿਤਕ ਦੇ ਵਾਰਸਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਨੌਜਵਾਨਾਂ ਦੇ ਭਵਿੱਖ ਲਈ ਠੋਸ ਨੀਤੀਆਂ ਬਣਾਈਆਂ ਜਾਣ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਆਪਣੀਆਂ ਜ਼ਮੀਨਾਂ ਅਤੇ ਘਰ-ਬਾਰ ਵੇਚ ਕੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਪਹੁੰਚ ਚੁੱਕੇ ਹਨ, ਉਨ੍ਹਾਂ ਨੂੰ ਉੱਥੇ ਪੱਕੇ ਤੌਰ ‘ਤੇ ਵਸਾਉਣ ਲਈ ਭਾਰਤ ਸਰਕਾਰ ਨੂੰ ਅਮਰੀਕੀ ਪ੍ਰਸ਼ਾਸਨ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਜੋ ਹੋਰ ਪਰਿਵਾਰਾਂ ਦੇ ਚਿਰਾਗ ਇੰਝ ਨਾ ਬੁਝਣ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



