ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਪਾਰਟੀ ਛੱਡ ਕੇ ਜਾਣ ਵਾਲੇ ਬਾਗੀ ਸੰਸਦ ਮੈਂਬਰਾਂ ‘ਤੇ ਜ਼ੋਰਦਾਰ ਨਿਸ਼ਾਨਾ ਸਾਧਿਆ ਹੈ। ਕੰਗ ਨੇ ਸਪੱਸ਼ਟ ਕੀਤਾ ਕਿ ਇਹ ਆਗੂ ਪਾਰਟੀ ਦੇ ਆਦਰਸ਼ਾਂ ਨੂੰ ਨਹੀਂ, ਸਗੋਂ ਆਪਣੇ ਨਿੱਜੀ ਮੁਫਾਦਾਂ ਨੂੰ ਪਹਿਲ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਪਾਰਟੀ ਵੱਲੋਂ ਦਿੱਤੇ ਗਏ ਮਾਣ-ਸਨਮਾਨ ਨੂੰ ਦਰਕਿਨਾਰ ਕਰਕੇ ਜਨਤਾ ਅਤੇ ਪਾਰਟੀ ਨਾਲ ਧੋਖਾ ਕੀਤਾ ਹੈ।
‘ਕੇਂਦਰੀ ਏਜੰਸੀਆਂ ਦਾ ਡਰ ਅਤੇ ਸਿਆਸੀ ਮਜਬੂਰੀ’
ਮਲਵਿੰਦਰ ਕੰਗ ਨੇ ਦੋਸ਼ ਲਾਇਆ ਕਿ ਪਾਰਟੀ ਛੱਡਣ ਵਾਲੇ ਇਨ੍ਹਾਂ ਸੰਸਦ ਮੈਂਬਰਾਂ ਦੇ ਫੈਸਲੇ ਪਿੱਛੇ ਕੋਈ ਸਿਧਾਂਤਕ ਕਾਰਨ ਨਹੀਂ, ਸਗੋਂ ਈਡੀ (ED) ਅਤੇ ਹੋਰ ਕੇਂਦਰੀ ਜਾਂਚ ਏਜੰਸੀਆਂ ਦਾ ਡਰ ਹੈ। ਉਨ੍ਹਾਂ ਕਿਹਾ ਕਿ ਜਦੋਂ ਵਿਰੋਧੀ ਧਿਰਾਂ ਕੋਲ ਸਿਆਸੀ ਤੌਰ ‘ਤੇ ਮੁਕਾਬਲਾ ਕਰਨ ਦੀ ਸਮਰੱਥਾ ਨਹੀਂ ਬਚਦੀ, ਤਾਂ ਉਹ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਆਗੂਆਂ ‘ਤੇ ਦਬਾਅ ਪਾਉਂਦੇ ਹਨ। ਕੰਗ ਨੇ ਕਿਹਾ ਕਿ ਇਹ ਆਗੂ ਉਸੇ ਦਬਾਅ ਹੇਠ ਗੋਡੇ ਟੇਕ ਕੇ ਆਪਣੀ ਸਿਆਸੀ ਜ਼ਮੀਰ ਵੇਚ ਚੁੱਕੇ ਹਨ।
‘ਮੁੱਖ ਮੰਤਰੀ ਮਾਨ ਨਾਲ ਚਟਾਨ ਵਾਂਗ ਖੜ੍ਹੇ ਹਨ ਵਿਧਾਇਕ’
ਬਾਗੀ ਆਗੂਆਂ ਨੂੰ ਕਰੜੇ ਹੱਥੀਂ ਲੈਂਦਿਆਂ ਕੰਗ ਨੇ ਦਾਅਵਾ ਕੀਤਾ ਕਿ ਇਨ੍ਹਾਂ ਦੇ ਜਾਣ ਨਾਲ ਪਾਰਟੀ ‘ਤੇ ਕੋਈ ਅਸਰ ਨਹੀਂ ਪੈਣ ਵਾਲਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਮੂਹ ਵਿਧਾਇਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੂਰੀ ਤਰ੍ਹਾਂ ਲਾਮਬੰਦ ਹਨ ਅਤੇ ਉਹ ਪਾਰਟੀ ਦੀਆਂ ਨੀਤੀਆਂ ‘ਤੇ ਚੱਲਦੇ ਹੋਏ ਲੋਕਾਂ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਅਨੁਸਾਰ ਪਾਰਟੀ ਦੇ ਵਫਾਦਾਰ ਆਗੂ ਚਟਾਨ ਵਾਂਗ ਮੁੱਖ ਮੰਤਰੀ ਮਾਨ ਦੇ ਨਾਲ ਖੜ੍ਹੇ ਹਨ ਤੇ ਪੰਜਾਬ ਦੀ ਬਿਹਤਰੀ ਲਈ ਕੰਮ ਕਰ ਰਹੇ ਹਨ।
ਨਿੱਜੀ ਫਾਇਦੇ ਲਈ ਪਾਰਟੀ ਨਾਲ ਵਿਸ਼ਵਾਸਘਾਤ
ਸੰਸਦ ਮੈਂਬਰ ਨੇ ਅੱਗੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਪਾਰਟੀ ਨੇ ਜ਼ੀਰੋ ਤੋਂ ਹੀਰੋ ਬਣਾਇਆ, ਅੱਜ ਉਹੀ ਲੋਕ ਨਿੱਜੀ ਲਾਭ ਲਈ ਪਾਰਟੀ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮਲਵਿੰਦਰ ਕੰਗ ਨੇ ਕਿਹਾ ਕਿ ਪੰਜਾਬ ਦੀ ਜਨਤਾ ਸਭ ਕੁਝ ਦੇਖ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਅਜਿਹੇ ਮੌਕਾਪ੍ਰਸਤ ਆਗੂਆਂ ਨੂੰ ਸਿਆਸੀ ਤੌਰ ‘ਤੇ ਸਬਕ ਸਿਖਾਇਆ ਜਾਵੇਗਾ।



