ਚੰਡੀਗੜ੍ਹ : ਪੰਜਾਬ ਤੋਂ ਰਾਜ ਸਭਾ (Rajya Sabha from Punjab) ਦੀ ਖਾਲੀ ਹੋ ਰਹੀਆਂ 5 ਸੀਟਾਂ ਲਈ ਨਾਮਜ਼ਦਗੀ ਦਾ ਕਲ ਆਖਰੀ ਦਿਨ ਹੈ। ਹਾਲਾਂਕਿ ਅਜੇ ਤੱਕ ਆਮ ਆਦਮੀ ਪਾਰਟੀ (Aam Aadmi Party) ਨੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ (Punjab Assembly Elections) ਵਿਚ ਆਪ ਨੇ 117 ਵਿਚੋਂ 92 ਸੀਟਾਂ ਜਿੱਤੀਆਂ ਹਨ। ਜਿਸ ਕਾਰਣ ਰਾਜ ਸਭਾ (Rajya Sabha) ਦੀਆਂ ਸਾਰੀਆਂ 5 ਸੀਟਾਂ ‘ਤੇ ਉਨ੍ਹਾਂ ਦੇ ਉਮੀਦਵਾਰ ਜਿੱਤਣੇ ਤੈਅ ਹਨ। ਉਥੇ ਹੀ ਆਪ ਦੀ ਦੇਰੀ ਨੂੰ ਹੁਣ ਵਿਰੋਧੀ ਨਿਸ਼ਾਨਾ ਸਾਧਣ ਲੱਗੇ ਹਨ। ਸਾਬਕਾ ਸੀ.ਐੱਮ. ਕੈਪਟਨ ਅਮਰਿੰਦਰ ਸਿੰਘ (CM Capt. Amarinder Singh) ਦੀ ਪਾਰਟੀ ਪੰਜਾਬ ਲੋਕ ਕਾਂਗਰਸ (Punjab Lok Congress) ਦੇ ਮੁੱਖ ਬੁਲਾਰੇ ਪ੍ਰਿਤਪਾਲ ਸਿੰਘ ਬਲਿਏਵਾਲ ਨੇ ਇਸ ‘ਤੇ ਸਵਾਲ ਚੁੱਕੇ। ਉਨ੍ਹਾਂ ਨੇ ਭਗਵੰਤ ਮਾਨ ਨੂੰ ਕਿਹਾ ਕਿ ਪੰਜਾਬੀਆਂ ਨੇ ਉਨ੍ਹਾਂ ‘ਤੇ ਭਰੋਸਾ ਦਿਖਾਇਆ ਹੈ। ਉਮੀਦ ਹੈ ਕਿ ਉਹ ਪੰਜਾਬੀਆਂ ਨੂੰ ਨੌਮੀਨੇਟ ਕਰਵਾ ਕੇ ਇਸ ਨੂੰ ਕਾਇਮ ਰੱਖਣਗੇ।
ਪੰਜਾਬ ਤੋਂ ਰਾਜ ਸਭਾ ਲਈ ਫਿਲਹਾਲ 3 ਨਾਂ ਚਰਚਾ ਵਿਚ ਹਨ। ਹਾਲਾਂਕਿ ਆਮ ਆਦਮੀ ਪਾਰਟੀ ਵਲੋਂ ਇਸ ਦਾ ਰਸਮੀ ਐਲਾਨ ਜਾਂ ਪੁਸ਼ਟੀ ਨਹੀਂ ਕੀਤੀ ਗਈ ਹੈ। ਪਹਿਲਾ ਨਾਂ ਕ੍ਰਿਕਟਰ ਹਰਭਜਨ ਸਿੰਘ ਦਾ ਹੈ। ਹਰਭਜਨ ਨੇ ਕੁਝ ਮਹੀਨੇ ਪਹਿਲਾਂ ਕ੍ਰਿਕਟ ਤੋਂ ਸਨਿਆਸ ਲਿਆ। ਉਹ ਸੀ.ਐੱਮ. ਭਗਵੰਤ ਮਾਨ ਦੇ ਕਰੀਬੀ ਹਨ। ਉਨ੍ਹਾਂ ਨੂੰ ਸਪੋਰਟਸ ਯੂਨੀਵਰਸਿਟੀ ਦੀ ਕਮਾਨ ਸੌਂਪਣ ਦੀ ਵੀ ਤਿਆਰੀ ਹੈ। ਦੂਜਾ ਨਾਂ ਰਾਘਵ ਚੱਢਾ ਦਾ ਹੈ। ਇਸ ਵੇਲੇ ਉਹ ਦਿੱਲੀ ਤੋਂ ਐੱਮ.ਐੱਲ.ਏ. ਹਨ। ਹਾਲਾਂਕਿ ਪੰਜਾਬ ਚੋਣਾਂ ਵਿਚ ਉਨ੍ਹਾਂ ਨੇ ਪਾਰਟੀ ਦੇ ਸਹਿ ਇੰਚਾਰਜ ਦੇ ਤੌਰ ‘ਤੇ ਕੰਮ ਕੀਤਾ। ਜਿਸ ਵਿਚ ਉਨ੍ਹਾਂ ਦੀ ਰਣਨੀਤੀ ਦੀ ਬਦੌਲਤ ਆਪ ਨੂੰ ਵੱਡੀ ਜਿੱਤ ਹਾਸਲ ਹੋਈ। ਤੀਜਾ ਨਾਂ ਦਿੱਲੀ ਆਈ.ਆਈ.ਟੀ. ਦੇ ਪ੍ਰੋਫੈਸਰ ਸੰਦੀਪ ਪਾਠਕ ਦਾ ਹੈ। ਪ੍ਰੋਫੈਸਰ ਪਾਠਕ ਨੇ ਪੰਜਾਬ ਚੋਣਾਂ ਦੌਰਾਨ ਪਰਦੇ ਦੇ ਪਿੱਛੇ ਰਹਿ ਕੇ ਆਪ ਦੀ ਜਿੱਤ ਦੀ ਰਣਨੀਤੀ ਵਿਚ ਅਹਿਮ ਭੂਮਿਕਾ ਨਿਭਾਈ ਹੈ। ਸਾਬਕਾ ਕਾਂਗਰਸੀ ਮੰਤਰੀ ਜਗਮੋਹਨ ਕੰਗ ਵੀ ਰਾਜ ਸਭਾ ਸੀਟ ਲਈ ਦਾਅਵਾ ਠੋਕ ਰਹੇ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੇ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਸੀ। ਜਿਸ ਤੋਂ ਬਾਅਦ ਉਹ ਆਪ ਵਿਚ ਸ਼ਾਮਲ ਹੋ ਗਏ। ਆਪ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੇ ਵਿਧਾਇਕਾਂ ਦੇ ਨਾਲ ਵਰਚੁਅਲ ਮੀਟਿੰਗ ਕਰ ਰਹੇ ਹਨ। ਇਸ ਦੇ ਲਈ ਵਿਧਾਇਕ ਮੋਹਾਲੀ ਵਿਚ ਇਕੱਠਾ ਹੋਣਗੇ। ਇਸ ਦੌਰਾਨ ਰਾਜ ਸਭਾ ਉਮੀਦਵਾਰਾਂ ਨੂੰ ਲੈ ਕੇ ਵੀ ਫੈਸਲਾ ਲਿਆ ਜਾ ਸਕਦਾ ਹੈ।
