ਰਾਏਕੋਟ : ਰਾਏਕੋਟ-ਜਗਰਾਉਂ ਰੋਡ ‘ਤੇ ਸਥਿਤ ਪਿੰਡ ਬੱਸੀਆਂ ਵਿਖੇ ਬੀਤੀ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਨਕੋਦਰ ਦਰਗਾਹ ਵਿਖੇ ਮੱਥਾ ਟੇਕ ਕੇ ਆਪਣੇ ਘਰਾਂ ਨੂੰ ਪਰਤ ਰਹੇ ਪੰਜ ਨੌਜਵਾਨਾਂ ਦੀ ਕਾਰ ਬੇਕਾਬੂ ਹੋ ਕੇ ਗੰਦੇ ਪਾਣੀ ਵਾਲੇ ਛੱਪੜ ਵਿੱਚ ਜਾ ਡਿੱਗੀ। ਇਸ ਦਰਦਨਾਕ ਹਾਦਸੇ ਵਿੱਚ 26 ਤੋਂ 27 ਸਾਲ ਦੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਦੋ ਨੌਜਵਾਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
‘ਆਪ‘ ਆਗੂ ਸਨ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਕਾਰ ਵਿੱਚ ਸਵਾਰ ਇਹ ਪੰਜੇ ਨੌਜਵਾਨ ਪਾਤੜਾਂ ਅਤੇ ਦਿੜਬਾ ਇਲਾਕੇ ਨਾਲ ਸੰਬੰਧਿਤ ਸਨ ਅਤੇ ਸਾਰੇ ਆਮ ਆਦਮੀ ਪਾਰਟੀ (AAP) ਦੇ ਸਰਗਰਮ ਆਗੂ ਸਨ। ਇਸ ਹਾਦਸੇ ਵਿੱਚ ਜਿਨ੍ਹਾਂ ਨੌਜਵਾਨਾਂ ਦੀ ਮੌਤ ਹੋਈ ਹੈ, ਉਨ੍ਹਾਂ ਵਿੱਚ ਸੰਦੀਪ ਸਿੰਘ ਵਿਰਕ (ਜ਼ਿਲ੍ਹਾ ਮੀਤ ਪ੍ਰਧਾਨ ਯੂਥ ਵਿੰਗ ‘ਆਪ’ ਪਟਿਆਲਾ), ਬਲਕਾਰ ਸਿੰਘ ਅਤੇ ਵਿਸ਼ਾਲ ਕੁਮਾਰ ਸ਼ਾਮਲ ਹਨ। ਮ੍ਰਿਤਕਾਂ ਦੀਆਂ ਦੇਹਾਂ ਨੂੰ ਸਰਕਾਰੀ ਹਸਪਤਾਲ ਜਗਰਾਉਂ ਦੀ ਮੋਰਚਰੀ ਵਿੱਚ ਰੱਖਵਾ ਦਿੱਤਾ ਗਿਆ ਹੈ।
ਇਸ ਭਿਆਨਕ ਹਾਦਸੇ ਦੌਰਾਨ ਕਾਰ ਵਿੱਚ ਸਵਾਰ ਬਿਕਰਮਜੀਤ ਸਿੰਘ ਅਤੇ ਪੁਨੀਤ ਗੋਇਲ ਦੀ ਜਾਨ ਵਾਲ-ਵਾਲ ਬਚ ਗਈ ਹੈ। ਦੋਵਾਂ ਨੂੰ ਮੌਕੇ ‘ਤੇ ਸੁਰੱਖਿਅਤ ਬਾਹਰ ਕੱਢ ਕੇ ਮੁੱਢਲੀ ਡਾਕਟਰੀ ਸਹਾਇਤਾ ਲਈ ਸਿਵਲ ਹਸਪਤਾਲ ਰਾਏਕੋਟ ਵਿਖੇ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਇਲਾਕੇ ਵਿੱਚ ਪਸਰੀ ਸੋਗ ਦੀ ਲਹਿਰ
ਇੱਕੋ ਪਰਿਵਾਰ ਜਾਂ ਇਲਾਕੇ ਦੇ ਤਿੰਨ ਨੌਜਵਾਨਾਂ ਦੀ ਅਚਾਨਕ ਹੋਈ ਦਰਦਨਾਕ ਮੌਤ ਕਾਰਨ ਪੂਰੇ ਖੇਤਰ ਵਿੱਚ ਸੋਗ ਅਤੇ ਮਾਤਮ ਦੀ ਲਹਿਰ ਦੌੜ ਗਈ ਹੈ। ਸਿਆਸੀ ਆਗੂਆਂ ਅਤੇ ਪਿੰਡ ਵਾਸੀਆਂ ਵੱਲੋਂ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।


