ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਲਗਭਗ 20 ਸਾਲਾਂ ਤੋਂ ਯੁੱਧ ਦੀ ਮਾਰ ਝੱਲ ਰਹੇ ਅਫਗਾਨਿਸਤਾਨ ਤੋਂ ਇਕ ਭੈਣ-ਭਰਾ ਦੀ ਬਹਾਦਰੀ ਦੀ ਦਾਸਤਾਨ ਸਾਹਮਣੇ ਆਈ ਹੈ। ਦਰਅਸਲ ਅਫਗਾਨਿਸਤਾਨ ਦੇ ਟਿਵਾੜਾ ਜ਼ਿਲ੍ਹੇ ਵਿਚ ਤਾਲਿਬਾਨੀ ਅੱਤਵਾਦੀਆਂ ਨੇ ਇਕ ਭੈਣ- ਭਰਾ ਦੀ ਜੋੜੀ ਦੇ ਸਾਹਮਣੇ ਹੀ ਉਨ੍ਹਾਂ ਦੇ ਮਾਤਾ-ਪਿਤਾ ਦੀ ਹੱਤਿਆ ਕਰ ਦਿੱਤੀ ਜਿਸ ਤੋਂ ਬਾਅਦ ਦੋਵਾਂ(ਭੈਣ-ਭਰਾਵਾਂ) ਨੇ ਵੀ ਜਵਾਬੀ ਕਾਰਵਾਈ ਕਰਦਿਆਂ ਦੋ ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਮੀਡੀਆ ਰਿਪੋਰਟਾਂ ਅਨੁਸਾਰ ਇਹ ਘਟਨਾ ਸੈਂਟ੍ਰਲ ਅਫਗਾਨਿਸਤਾਨ ਦੇ ਟਿਵਾੜਾ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਗੇਰਵੇਹੀ ਦੀ ਹੈ। ਦੱਸਿਆ ਜਾ ਰਿਹਾ ਹੈ ਕਿ 17 ਜੁਲਾਈ ਨੂੰ ਇੱਥੇ ਕੁੱਝ ਅੱਤਵਾਦੀ ਦਾਖਲ ਹੋ ਗਏ ਸਨ ਅਤੇ ਉਨ੍ਹਾਂ ਨੇ 16 ਸਾਲ ਦੀ ਕਮਰ ਗੁਲ ਅਤੇ 12 ਸਾਲ ਦੇ ਹਬੀਬੁਲਾਗ ਦੇ ਸਾਹਮਣੇ ਹੀ ਉਨ੍ਹਾਂ ਦੇ ਮਾਤਾ-ਪਿਤਾ ਦੀ ਗੋਲੀਆਂ ਨਾਲ ਭੁੰਨ ਕੇ ਹੱਤਿਆ ਕਰ ਦਿੱਤੀ, ਜਿਨ੍ਹਾਂ ਦਾ ਕਸੂਰ ਕੇਵਲ ਇੰਨਾ ਸੀ ਕਿ ਉਹ ਸਰਕਾਰ ਦੇ ਸਮੱਰਥਕ ਸਨ। ਆਪਣੇ ਮਾਤਾ-ਪਿਤਾ ਦੀ ਆਪਣੀ ਅੱਖਾਂ ਸਾਹਮਣੇ ਹੱਤਿਆਂ ਹੁੰਦੀ ਵੇਖ ਦੋਵੇਂ ਭੈਣ-ਭਰਾਵਾਂ ਕੋਲੋਂ ਰਿਹਾ ਨਹੀਂ ਗਿਆ ਅਤੇ ਵੱਡੀ ਭੈਣ ਕਮਰ ਗੁੱਲ ਨੇ ਘਰ ਵਿਚ ਰੱਖੀ ਹੋਈ ਆਪਣੇ ਪਿਤਾ ਦੀ ਏਕੇ-47 ਚੁੱਕੀ ਅਤੇ ਅੱਤਵਾਦੀਆਂ ਉੱਤੇ ਗੋਲੀਆਂ ਦੀ ਬੋਛਾਰ ਕਰ ਦਿੱਤੀ। ਆਪਣੀ ਵੱਡੀ ਭੈਣ ਨੂੰ ਫਾਇਰਿੰਗ ਕਰਦੀ ਵੇਖ ਛੋਟੇ ਭਰਾ ਨੇ ਵੀ ਉਸਦਾ ਸਾਥ ਦਿੱਤਾ। ਭੈਣ-ਭਰਾ ਦੀ ਇਸ ਕਾਰਵਾਈ ਵਿਚ 2 ਅੱਤਵਾਦੀ ਮਾਰੇ ਗਏ ਅਤੇ ਇੱਕ ਜ਼ਖ਼ਮੀ ਹੋ ਗਿਆ। ਦੋਵੇਂ ਨੇ ਗੋਲੀਆਂ ਚਲਾਉਣੀਆਂ ਉਦੋਂ ਤੱਕ ਜਾਰੀ ਰੱਖੀਆਂ ਜਦੋਂ ਤੱਕ ਬਾਕੀ ਪਿੰਡ ਵਾਲੇ ਵੀ ਉੱਥੇ ਨਾ ਆ ਗਏ। ਹੁਣ ਦੋਣਾਂ ਦੀ ਇਸ ਬਹਾਦਰੀ ਦੇ ਕਿੱਸੇ ਪੂਰੇ ਅਫਗਾਨਿਸਤਾਨ ਵਿਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਖੁਦ ਦੇਸ਼ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਵੀ ਇਨ੍ਹਾਂ ਦੀ ਬਹਾਦਰੀ ਭਰੀ ਦਾਸਤਾਨ ਸੁਣ ਕੇ ਦੋਵਾਂ ਨੂੰ ਮਿਲਣ ਲਈ ਸੱਦਿਆ ਸੀ ਜਿਸ ਲਈ ਸੈਨਾ ਦਾ ਹੈਲੀਕਾਪਟਰ ਭੇਜਿਆ ਗਿਆ ਸੀ।

