ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਦੇ ਨੌਜਵਾਨ ਆਪਣੇ ਚੰਗੇ ਭਵਿੱਖ ਦੇ ਸੁਪਨੇ ਸੰਜੋਏ ਅਕਸਰ ਹੀ ਵਿਦੇਸ਼ਾਂ ਵੱਲ ਨੂੰ ਰੁਖ ਕਰਦੇ ਹਨ ਪਰ ਕਈਂ ਵਾਰ ਵਿਦੇਸ਼ੀ ਧਰਤੀ ਉੱਤੇ ਪੈਸੇ ਕਮਾਉਣ ਲਈ ਗਏ ਨੌਜਵਾਨਾਂ ਨਾਲ ਅਣਹੋਣੀ ਵੀ ਵਾਪਰ ਜਾਂਦੀ ਹੈ। ਕੁੱਝ ਅਜਿਹਾ ਹੀ ਮਾਮਲਾ ਬਟਾਲਾ ਸ਼ਹਿਰ ਦੇ ਨਜਦੀਕੀ ਪਿੰਡ ਕੋਟਲਾ ਸ਼ਾਹੀਆ ਤੋਂ ਸਾਹਮਣੇ ਆਇਆ ਹੈ, ਇੱਥੋਂ ਦਾ ਇੱਕ 24 ਸਾਲਾਂ ਨੌਜਵਾਨ ਸੁਰਜੀਤ ਸਿੰਘ ਜੋ ਕਿ ਆਪਣੀ ਜ਼ਿੰਦਗੀ ਸਵਾਰਨ ਲਈ ਦੁਬਈ ਗਿਆ ਹੋਇਆ ਸੀ ਪਰ ਉੱਥੇ ਉਸ ਉੱਤੇ ਕੁੱਝ ਪਾਕਿਸਤਾਨੀ ਮੂਲ ਦੇ ਲੋਕਾਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਉਸਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਹਨ ਅਤੇ ਉਸਦੇ ਸਰੀਰ ਦਾ ਹੇਠਲਾ ਹਿੱਸਾ ਕੰਮ ਨਹੀਂ ਕਰ ਰਿਹਾ ਹੈ।
ਸੁਰਜੀਤ ਦੇ ਪਰਿਵਾਰ ਮੁਤਾਬਕ ਉਨ੍ਹਾਂ ਦਾ ਲੜਕਾ 8 ਮਹੀਨੇ ਪਹਿਲਾਂ ਹੀ ਦੁਬਈ ਗਿਆ ਸੀ ਅਤੇ ਉਹ ਉੱਥੇ ਚੰਗੀ ਕਮਾਈ ਕਰਕੇ ਪਰਿਵਾਰ ਨੂੰ ਪੈਸੇ ਵੀ ਭੇਜ ਰਿਹਾ ਸੀ ਪਰ ਕੁੱਝ ਦਿਨ ਪਹਿਲਾਂ ਦੁਬਈ ਤੋਂ ਸੁਰਜੀਤ ਦੇ ਕਿਸੇ ਸਾਥੀ ਦਾ ਫੋਨ ਆਇਆ ਅਤੇ ਉਸਨੇ ਦੱਸਿਆ ਕਿ ਸੁਰਜੀਤ ਦਾ ਪਾਕਿਸਤਾਨੀ ਮੂਲ ਦੇ ਲੋਕਾਂ ਨਾਲ ਪਾਣੀ ਨੂੰ ਲੈ ਕੇ ਝਗੜਾ ਹੋ ਗਿਆ ਹੈ,ਇਸ ਦੌਰਾਨ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਅਤੇ ਉਸਦੀ ਮੌਤ ਹੋ ਗਈ ਹੈ। ਇਹ ਖਬਰ ਸੁਣ ਕੇ ਪਰਿਵਾਰ ਦੇ ਪੈਰਾਂ ਥੱਲੋਂ ਜ਼ਮੀਨ ਹੀ ਖਿਸਕ ਗਈ ਪਰ ਫਿਰ ਤਿੰਨ ਦਿਨਾਂ ਬਾਅਦ ਮੁੜ ਤੋਂ ਪਰਿਵਾਰ ਕੋਲ ਫੋਨ ਆਇਆ ਹੈ ਅਤੇ ਸੁਰਜੀਤ ਦੇ ਕਿਸੇ ਸਾਥੀ ਨੇ ਦੱਸਿਆ ਕਿ ਉਹ ਜਿਊਂਦਾ ਹੈ ਪਰ ਹਮਲੇ ਵਿਚ ਗੰਭੀਰ ਰੂਪ ਨਾਲ ਜਖਮੀ ਹੋ ਗਿਆ ਅਤੇ ਹਸਪਤਾਲ ਵਿਚ ਦਾਖਲ ਹੈ। ਪਰਿਵਾਰ ਦੁਆਰਾ ਫੋਨ ਕਰਨ ਵਾਲੇ ਦੇ ਤਰਲੇ ਕੱਢਣ ਉੱਤੇ ਜਦੋਂ ਉਨ੍ਹਾਂ ਦੀ ਸੁਰਜੀਤ ਨਾਲ ਗੱਲ ਕਰਵਾਈ ਗਈ ਤਾਂ ਸੁਰਜੀਤ ਜ਼ਿਆਦਾ ਕੁੱਝ ਨਹੀਂ ਬੋਲ ਪਾਇਆ ਅਤੇ ਉਸ ਨੇ ਕੇਵਲ ਇੰਨਾ ਹੀ ਕਿਹਾ ਕਿ ਉਸਦਾ ਪਾਕਿਸਤਾਨੀਆਂ ਨਾਲ ਝਗੜਾ ਹੋ ਗਿਆ ਸੀ ਜਿਸ ਵਿਚ ਉਸਦੀਆਂ ਦੋਵਾਂ ਟੰਗਾਂ ਟੁੱਟ ਗਈਆਂ ਹਨ ਅਤੇ ਉਸਦੇ ਸਰੀਰ ਦੇ ਹੇਠਲੇ ਹਿੱਸੇ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਇਸ ਤੋਂ ਬਾਅਦ ਸੁਰਜੀਤ ਨਾਲ ਉਸਦੇ ਪਰਿਵਾਰ ਦੀ ਗੱਲ ਨਹੀਂ ਹੋ ਪਾਈ ਹੈ। ਪਰਿਵਾਰ ਹੁਣ ਦੁਵਿਧਾ ਵਿਚ ਹੈ ਅਤੇ ਸਰਕਾਰ ਅੱਗੇ ਗੁਹਾਰ ਲਗਾ ਰਿਹਾ ਹੈ ਕਿ ਕਿਸੇ ਵੀ ਤਰ੍ਹਾ ਉਸਦੇ ਬੱਚੇ ਨੇ ਦੁਬਈ ਤੋਂ ਵਾਪਸ ਦੇਸ਼ ਲਿਆਇਆ ਜਾਵੇ।

