ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਵੀਰਵਾਰ ਨੂੰ ਮੁਹਾਲੀ ਦੇ ਫੇਜ਼ -10 ਵਿੱਚ ਉਦੋਂ ਸਨਸਨੀ ਫੈਲ ਗਈ ਜਦੋਂ 17 ਸਾਲਾ ਲੜਕੇ ਨੇ ਘਰ ਵਿੱਚ ਹੀ ਪਿਤਾ ਦੀ ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਹਰਦਾਤ ਸਿੰਘ ਵਜੋਂ ਹੋਈ ਹੈ। ਸੈਕਟਰ -27 ਦੇ ਸੇਂਟ ਜੋਨਸ ਸਕੂਲ ਵਿਖੇ 12 ਵੀਂ ਜਮਾਤ ਦੀ ਪੜ੍ਹਾਈ ਕਰ ਰਿਹਾ ਸੀ। ਸੂਚਨਾ ‘ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ ਅਤੇ ਪੁਲਿਸ ਨੇ ਰਿਵਾਲਵਰ ਕਬਜ਼ਾ ਕਰ ਲਿਆ ਗਿਆ ਹੈ। ਪੁਲਿਸ ਮੁਤਾਬਿਕ ਸ਼ੁੱਕਰਵਾਰ ਨੂੰ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।
ਥਾਣਾ ਫੇਜ਼ -11 ਦੀ ਪੁਲਿਸ ਨੇ ਇਸ ਮਾਮਲੇ ਵਿੱਚ 174 ਦੇ ਤਹਿਤ ਕਾਰਵਾਈ ਕੀਤੀ ਹੈ। ਇਹ ਘਟਨਾ ਫੇਜ਼ -10 ਦੇ ਮਕਾਨ ਨੰਬਰ -577 ਸ਼ਾਮ 4 ਵਜੇ ਦੀ ਹੈ। ਪੁਲਿਸ ਦੇ ਅਨੁਸਾਰ, ਜਦੋਂ ਇਹ ਘਟਨਾ ਵਾਪਰੀ, ਉਸ ਸਮੇਂ ਉਸਦੀ ਮਤਰੇਈ ਮਾਂ ਘਰ ‘ਚ ਮੌਜੂਦ ਸੀ। ਗੋਲੀ ਦੀ ਆਵਾਜ਼ ਸੁਣ ਕੇ ਉਸਦੀ ਮਾਂ ਜਦੋਂ ਉਸਨੂੰ ਦੇਖਣ ਆਈ ਤਾਂ ਹਰਦਾਤ ਦਾ ਸਰੀਰ ਖੂਨ ਨਾਲ ਭਿੱਜਿਆ ਹੋਇਆ ਸੀ ਅਤੇ ਉਸਦੇ ਹੱਥ ਵਿੱਚ ਰਿਵਾਲਵਰ ਸੀ। ਮਾਂ ਦੀ ਦਿੱਤੀ ਸੂਚਨਾ ‘ਤੇ ਪੁਲਿਸ ਤੁਰੰਤ ਮੌਕੇ’ ਤੇ ਪਹੁੰਚ ਗਈ ਅਤੇ ਘਟਨਾ ਵਿੱਚ ਵਰਤੀ ਗਈ ਰਿਵਾਲਵਰ ਨੂੰ ਆਪਣੇ ਕਬਜ਼ੇ ‘ਚ ਲੈ ਲਿਆ, ਜੋ ਉਸ ਦੇ ਪਿਤਾ ਦੀ ਲਾਇਸੈਂਸੀ ਰਿਵਾਲਵਰ ਸੀ। ਪੁਲਿਸ ਨੇ ਪੂਰੇ ਘਟਨਾ ਸਥਾਨ ਤੋਂ ਨਮੂਨੇ ਵੀ ਲਏ ਹਨ ਅਤੇ ਮਾਮਲੇ ਦੀ ਸੱਚਾਈ ਜਾਣਨ ਲਈ ਆਸ ਪਾਸ ਦੇ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਹੈ।
ਬਾਥਰੂਮ ਵਿੱਚ ਖੁਦ ਨੂੰ ਮਾਰੀ ਗੋਲੀ
ਹਰਦਾਤ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦੱਸਿਆ ਕਿ, ਉਹ ਆਪਣੇ ਸਕੂਲ ਤੋਂ ਘਰ ਪਰਤਿਆ ਸੀ ਅਤੇ ਸਵੇਰੇ 4 ਵਜੇ ਵਾਸ਼ਰੂਮ ਗਿਆ ਸੀ। ਉਸਨੇ ਕਦੋਂ ਰਿਵਾਲਵਰ ਚੁੱਕੀ ਅਤੇ ਆਪਣੇ ਆਪ ਨੂੰ ਗੋਲੀ ਮਾਰ ਲਈ ਇਸ ਬਾਰੇ ਉਸਦੀ ਮਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਮਾਂ ਦਾ ਕਹਿਣਾ ਹੈ ਕਿ, ਗੋਲੀ ਦੀ ਆਵਾਜ਼ ‘ਤੇ ਉਨ੍ਹਾਂ ਨੂੰ ਲੱਗਿਆ ਕਿ, ਗੀਜ਼ਰ ਬਲਾਸਟ ਹੋਇਆ ਹੈ ਪਰ ਜਦੋਂ ਹਰਦਾਤ ਨੇ ਅੰਦਰੋ ਕੁੰਡੀ ਨਹੀਂ ਖੋਲ੍ਹੀ ਤਾਂ ਉਸਨੇ ਸ਼ੋਰ ਮਚਾਇਆ ਆਪਣੇ ਪਤੀ ਨੂੰ ਫੋਨ ਕੀਤਾ ਅਤੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।
ਮਾਂ ਦੀ ਮੌਤ ਤੋਂ ਬਾਅਦ ਦਿਮਾਗੀ ਤੌਰ ‘ਤੇ ਪਰੇਸ਼ਾਨ ਹਰਦਾਤ
ਥਾਣਾ ਫੇਜ਼ -11 ਦੇ ਐਸਐਚਓ ਕੁਲਵੀਰ ਸਿੰਘ ਨੇ ਦੱਸਿਆ ਕਿ, ਮ੍ਰਿਤਕ ਦਾ ਪਰਿਵਾਰ ਅਸਲ ਵਿੱਚ ਬਠਿੰਡਾ ਦਾ ਰਹਿਣ ਵਾਲਾ ਹੈ। ਬਚਪਨ ਵਿੱਚ ਹੀ ਉਸਦੀ ਮਾਂ ਦੀ ਮੌਤ ਹੋ ਗਈ ਸੀ। ਉਸੇ ਸਮੇਂ ਤੋਂ ਉਹ ਦਿਮਾਗੀ ਤੌਰ ‘ਤੇ ਪਰੇਸ਼ਾਨ ਰਹਿੰਦਾ ਸੀ ਅਤੇ ਘਰ ‘ਚ ਕਿਸੇ ਨਾਲ ਜ਼ਿਆਦਾ ਗੱਲ ਨਹੀਂ ਕਰਦਾ ਸੀ। ਉਸਦੇ ਪਿਤਾ ਨੇ ਵੀ ਦੂਜਾ ਵਿਆਹ ਕਰਵਾ ਲਿਆ ਸ, ਜਿਸ ਤੋਂ ਬਾਅਦ ਉਹ ਹੋਰ ਜਿਆਦਾ ਦਿਮਾਗੀ ਤੌਰ ‘ਤੇ ਪਰੇਸ਼ਾਨ ਰਹਿਣ ਲੱਗਿਆ ਸੀ।
ਬੱਚੇ ਦੀ ਚੰਗੀ ਸਿੱਖਿਆ ਲਈ ਬਠਿੰਡਾ ਤੋਂ ਆਏ ਸੀ ਮੋਹਾਲੀ
ਮ੍ਰਿਤਕ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ, ਉਹ ਬੇਟੇ ਹਰਦਾਤ ਨੂੰ ਚੰਗੀ ਸਿੱਖਿਆ ਦੇਣ ਲਈ ਬਠਿੰਡਾ ਤੋਂ ਮੋਹਾਲੀ ਆਏ ਸਨ ਅਤੇ ਇੱਥੇ ਹੀ ਆਪਣਾ ਕਾਰੋਬਾਰ ਸ਼ੁਰੂ ਕਰ ਦਿੱਤਾ ਸੀ। ਨਾਮੀ ਸਕੂਲ ‘ਚ ਬੇਟੇ ਨੂੰ ਸਿੱਖਿਆ ਦਿਵਾ ਰਹੇ ਸਨ ਤਾਂ ਜੋ ਉਸਦਾ ਦਿਲ ਪੜ੍ਹਾਈ ‘ਚ ਲੱਗ ਸਕੇ ਅਤੇ ਆਪਣੀ ਮਾਂ ਦੇ ਜਾਣ ਦੇ ਦੁੱਖ ਤੋਂ ਬਾਹਰ ਨਿਕਲ ਸਕੇ ਪਰ ਅਜਿਹਾ ਕੁਝ ਨਹੀਂ ਹੋਇਆ।

