ਦਿੱਲੀ : ਕੇਂਦਰੀ ਬਜਟ ਪੇਸ਼ ਹੋਣ ਤੋਂ ਠੀਕ ਪਹਿਲਾਂ ਆਮ ਜਨਤਾ ਅਤੇ ਵਪਾਰੀਆਂ ‘ਤੇ ਮਹਿੰਗਾਈ ਦਾ ਇੱਕ ਹੋਰ ਬੋਝ ਪੈ ਗਿਆ ਹੈ। ਤੇਲ ਕੰਪਨੀਆਂ ਨੇ 1 ਫਰਵਰੀ ਤੋਂ ਕਮਰਸ਼ੀਅਲ ਐਲਪੀਜੀ (LPG) ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। 19 ਕਿੱਲੋ ਵਾਲੇ ਵਪਾਰਕ ਸਿਲੰਡਰ ਦੀ ਕੀਮਤ ਵਿੱਚ 49 ਰੁਪਏ ਦਾ ਵਾਧਾ ਕੀਤਾ ਗਿਆ ਹੈ। ਹਾਲਾਂਕਿ, ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਾ ਹੋਣਾ ਆਮ ਪਰਿਵਾਰਾਂ ਲਈ ਰਾਹਤ ਦੀ ਖ਼ਬਰ ਹੈ।
ਮਹਾਨਗਰਾਂ ਵਿੱਚ ਕਮਰਸ਼ੀਅਲ ਸਿਲੰਡਰ ਦੀਆਂ ਨਵੀਆਂ ਦਰਾਂ
ਕਮਰਸ਼ੀਅਲ ਸਿਲੰਡਰ ਮਹਿੰਗਾ ਹੋਣ ਕਾਰਨ ਹੁਣ ਹੋਟਲਾਂ, ਰੈਸਟੋਰੈਂਟਾਂ ਅਤੇ ਢਾਬਿਆਂ ‘ਤੇ ਖਾਣਾ ਮਹਿੰਗਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਨਵੀਆਂ ਦਰਾਂ ਕੁਝ ਇਸ ਤਰ੍ਹਾਂ ਹਨ। ਦਿੱਲੀ ਦੀ ਪੁਰਾਣੀ ਕੀਮਤ 1,691.50, ਪੁਰਾਣੀ ਕੀਮਤ 1,740.50 ਹੈ। ਇਸ ਦੇ ਨਾਲ ਹੀ ਗੱਲ ਕਰੀਏ ਕੋਲਕਾਤਾ ਦੀ ਤਾਂ ਪੁਰਾਣੀ ਕੀਮਤ 1,795.00 ਤੇ ਨਵੀਂ ਕੀਮਤ 1,844.50 ਹੈ, ਮੁੰਬਈ ਦੀ ਪੁਰਾਣੀ ਕੀਮਤ 1,642.50 ਤੇ ਨਵੀਂ ਕੀਮਤ 1,692.00 ਹੈ, ਚੇਨਈ ਦੀ ਪੁਰਾਣੀ ਕੀਮਤ 1,849.50 ਤੇ ਨਵੀਂ ਕੀਮਤ 1,899.50 ਹੈ।
ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਸਥਿਰ
ਰਾਹਤ ਵਾਲੀ ਗੱਲ ਇਹ ਹੈ ਕਿ 14.2 ਕਿੱਲੋ ਵਾਲੇ ਘਰੇਲੂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਘਰੇਲੂ ਸਿਲੰਡਰ ਦੀਆਂ ਕੀਮਤਾਂ ਪਿਛਲੇ ਸਾਲ ਅਪ੍ਰੈਲ ਤੋਂ ਸਥਿਰ ਹਨ। ਵੱਖ-ਵੱਖ ਸ਼ਹਿਰਾਂ ਵਿੱਚ ਘਰੇਲੂ ਸਿਲੰਡਰ ਦੇ ਭਾਅ ਹੇਠ ਲਿਖੇ ਅਨੁਸਾਰ ਹਨ:
ਦਿੱਲੀ: 853 ਰੁਪਏ
ਮੁੰਬਈ: 852.50 ਰੁਪਏ
ਕੋਲਕਾਤਾ: 879 ਰੁਪਏ
ਚੇਨਈ: 868.50 ਰੁਪਏ
ਲਖਨਊ: 890.50 ਰੁਪਏ
ਵਪਾਰਕ ਅਦਾਰਿਆਂ ‘ਤੇ ਪਵੇਗਾ ਅਸਰ
ਬਜਟ ਵਾਲੇ ਦਿਨ ਹੋਏ ਇਸ ਵਾਧੇ ਨਾਲ ਵਪਾਰਕ ਖੇਤਰ ਵਿੱਚ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਕਮਰਸ਼ੀਅਲ ਗੈਸ ਮਹਿੰਗੀ ਹੋਣ ਦਾ ਸਿੱਧਾ ਅਸਰ ਬਾਹਰ ਮਿਲਣ ਵਾਲੇ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ‘ਤੇ ਪੈ ਸਕਦਾ ਹੈ, ਜਿਸ ਨਾਲ ਆਮ ਆਦਮੀ ਦੀ ਜੇਬ ‘ਤੇ ਬੋਝ ਵਧੇਗਾ।

