Overdose of Drug : ਜਲੰਧਰ ‘ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਖੋਲ੍ਹਿਆ ਮੋਰਚਾ

ਜਲੰਧਰ: ਜਲੰਧਰ ਦੇ ਬਸਤੀ ਦਾਨਿਸ਼ਮੰਦਾ ਇਲਾਕੇ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ ਹੋਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ…

Overdose of Drug

ਜਲੰਧਰ: ਜਲੰਧਰ ਦੇ ਬਸਤੀ ਦਾਨਿਸ਼ਮੰਦਾ ਇਲਾਕੇ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ ਹੋਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਮੌਤ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਅਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਸਥਾਨਕ ਨਿਵਾਸੀਆਂ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਇਲਾਕੇ ਵਿੱਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ, ਜਿਸ ਕਾਰਨ ਆਏ ਦਿਨ ਨੌਜਵਾਨਾਂ ਦੀਆਂ ਜਾਨਾਂ ਜਾ ਰਹੀਆਂ ਹਨ।

ਕਾਜ਼ੀ ਮੰਡੀਤੋਂ ਬਾਅਦ ਹੁਣ ਨਸ਼ੇ ਦਾ ਗੜ੍ਹ ਬਣੀ ਬਸਤੀ ਦਾਨਿਸ਼ਮੰਦਾ

ਮੁਹੱਲਾ ਨਿਵਾਸੀਆਂ ਅਨੁਸਾਰ, ਕਿਸੇ ਸਮੇਂ ਸ਼ਹਿਰ ਦੀ ਕਾਜ਼ੀ ਮੰਡੀ ਨਸ਼ੇ ਲਈ ਬਦਨਾਮ ਸੀ, ਪਰ ਹੁਣ ਬਸਤੀ ਦਾਨਿਸ਼ਮੰਦਾ ਨਸ਼ਾ ਤਸਕਰਾਂ ਦਾ ਨਵਾਂ ਗੜ੍ਹ ਬਣ ਚੁੱਕੀ ਹੈ। ਲੋਕਾਂ ਨੇ ਦੱਸਿਆ ਕਿ 20 ਸਾਲ ਪਹਿਲਾਂ ਵੀ ਇੱਥੇ ਅਜਿਹੇ ਹੀ ਹਾਲਾਤ ਸਨ, ਜਿਸ ਤੋਂ ਬਾਅਦ ਲੋਕਾਂ ਨੇ ਇਕਜੁੱਟ ਹੋ ਕੇ ਸੰਘਰਸ਼ ਕੀਤਾ ਸੀ। ਹੁਣ ਫਿਰ ਤੋਂ ਉਹੀ ਸਥਿਤੀ ਬਣ ਗਈ ਹੈ ਅਤੇ ਜੇਕਰ ਨਸ਼ੇ ‘ਤੇ ਨੱਥ ਨਾ ਪਾਈ ਗਈ ਤਾਂ ਬਸਤੀ ਦਾ ਭਵਿੱਖ ਤਬਾਹ ਹੋ ਜਾਵੇਗਾ।

ਪੁਲਿਸ ਦੀ ਨਾਕਾਮੀ ਤੇ ਭੜਕੇ ਸ਼ੀਤਲ ਅੰਗੁਰਾਲ

ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਭਾਜਪਾ ਆਗੂ ਸ਼ੀਤਲ ਅੰਗੁਰਾਲ ਨੇ ਪੁਲਿਸ ਪ੍ਰਸ਼ਾਸਨ ‘ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਇਹ ਮੌਤ ਸਿੱਧੇ ਤੌਰ ‘ਤੇ ਪੁਲਿਸ ਦੀ ਅਸਫਲਤਾ ਦਾ ਨਤੀਜਾ ਹੈ। ਅੰਗੁਰਾਲ ਨੇ ਭਾਵੁਕ ਹੁੰਦਿਆਂ ਕਿਹਾ, “ਸਿਰਫ਼ ਰੈਲੀਆਂ ਕੱਢਣ ਨਾਲ ਨਸ਼ਾ ਨਹੀਂ ਰੁਕਣਾ, ਠੋਸ ਕਾਰਵਾਈ ਦੀ ਲੋੜ ਹੈ। ਇੱਕ ਮਹੀਨਾ ਪਹਿਲਾਂ ਮੇਰੇ ਭਤੀਜੇ ਵਿਕਾਸ ਦਾ ਕਤਲ ਵੀ ਨਸ਼ੇ ਕਾਰਨ ਹੀ ਹੋਇਆ ਸੀ।” ਉਨ੍ਹਾਂ ਦੋਸ਼ ਲਾਇਆ ਕਿ ਤਸਕਰ ਇੰਨੇ ਬੇਖੌਫ਼ ਹਨ ਕਿ ਜੇਕਰ ਕੋਈ ਆਵਾਜ਼ ਉਠਾਉਂਦਾ ਹੈ ਤਾਂ ਉਹ ਤਲਵਾਰਾਂ ਲੈ ਕੇ ਡਰਾਉਣ ਧਮਕਾਉਣ ਆ ਜਾਂਦੇ ਹਨ।

ਲੋਕਾਂ ਵਿੱਚ ਸਹਿਮ ਅਤੇ ਗੁੱਸਾ

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਸਭ ਪਤਾ ਹੈ ਕਿ ਨਸ਼ਾ ਕਿੱਥੇ ਵਿਕਦਾ ਹੈ ਅਤੇ ਕੌਣ ਵੇਚ ਰਿਹਾ ਹੈ, ਪਰ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ। ਪਰਿਵਾਰ ਨੂੰ ਹੌਸਲਾ ਦੇਣ ਲਈ ਕਈ ਸਿਆਸੀ ਆਗੂ ਪਹੁੰਚ ਰਹੇ ਹਨ, ਪਰ ਲੋਕਾਂ ਦੀ ਮੰਗ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਬਚਾਉਣ ਲਈ ਨਸ਼ਾ ਤਸਕਰਾਂ ‘ਤੇ ਤੁਰੰਤ ਸ਼ਿਕੰਜਾ ਕੱਸਿਆ ਜਾਵੇ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

https://livingindianews.co.in/rajpura-vehicle-collision-5-6-vehicles-collided-due-to-fog-several-vehicles-were-severely-damaged/

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 24/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *