ਗੁਰਦਾਸਪੁਰ : ਬਟਾਲਾ ਦੇ ਨਜ਼ਦੀਕੀ ਪਿੰਡ ਗੋਖੂਵਾਲ ਵਿੱਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਉਧਾਰ ਦਿੱਤੇ 5 ਲੱਖ ਰੁਪਏ ਵਾਪਸ ਮੰਗਣ ਗਏ ਇੱਕ ਵਿਅਕਤੀ ‘ਤੇ ਰਾਈਫਲ ਨਾਲ ਤਾਬੜਤੋੜ ਫਾਇਰਿੰਗ ਕਰ ਦਿੱਤੀ ਗਈ। ਇਸ ਹਮਲੇ ਵਿੱਚ ਪੀੜਤ ਦੀ ਲੱਤ ਵਿੱਚ ਗੋਲੀ ਲੱਗਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
22 ਸਾਲ ਪੁਰਾਣਾ ਸੀ ਉਧਾਰ
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਰਹਿਣ ਵਾਲੇ ਰਜਿੰਦਰ ਸਿੰਘ ਨੇ ਸਾਲ 2003 ਵਿੱਚ ਪਿੰਡ ਗੋਖੂਵਾਲ ਦੇ ਪਰਮਜੀਤ ਸਿੰਘ ਨੂੰ 5 ਲੱਖ ਰੁਪਏ ਉਧਾਰ ਦਿੱਤੇ ਸਨ। ਲੰਬੇ ਸਮੇਂ ਤੋਂ ਪਰਮਜੀਤ ਸਿੰਘ ਇਹ ਪੈਸੇ ਮੋੜਨ ਵਿੱਚ ਆਣਾ-ਕਾਨੀ ਕਰ ਰਿਹਾ ਸੀ। ਬੀਤੀ ਸ਼ਾਮ ਜਦੋਂ ਰਜਿੰਦਰ ਸਿੰਘ ਆਪਣੀ ਪਤਨੀ ਅਤੇ ਡਰਾਈਵਰ ਸਮੇਤ ਪੈਸਿਆਂ ਦੀ ਮੰਗ ਕਰਨ ਲਈ ਪਰਮਜੀਤ ਦੇ ਘਰ ਪਹੁੰਚਿਆ ਤਾਂ ਗੱਲਬਾਤ ਦੌਰਾਨ ਮਾਹੌਲ ਗਰਮਾ ਗਿਆ। ਪਰਮਜੀਤ ਸਿੰਘ ਅਤੇ ਉਸ ਦੇ ਪਰਿਵਾਰ ਵੱਲੋਂ ਪਹਿਲਾਂ ਝਗੜਾ ਕੀਤਾ ਗਿਆ ਅਤੇ ਫਿਰ ਅਚਾਨਕ ਗੋਲੀਆਂ ਚਲਾ ਦਿੱਤੀਆਂ ਗਈਆਂ।
ਤਿੰਨ ਕੀਤੇ ਲਗਾਤਾਰ ਫਾਇਰ
ਦੋਸ਼ ਹੈ ਕਿ ਬਹਿਸਬਾਜ਼ੀ ਦੌਰਾਨ ਪਰਮਜੀਤ ਸਿੰਘ ਨੇ 315 ਬੋਰ ਦੀ ਰਾਈਫਲ ਕੱਢ ਲਈ ਅਤੇ ਰਜਿੰਦਰ ਸਿੰਘ ‘ਤੇ ਤਿੰਨ ਫਾਇਰ ਕਰ ਦਿੱਤੇ। ਇੱਕ ਗੋਲੀ ਰਜਿੰਦਰ ਸਿੰਘ ਦੀ ਲੱਤ ਵਿੱਚ ਲੱਗੀ, ਜਿਸ ਤੋਂ ਬਾਅਦ ਉਸ ਦਾ ਡਰਾਈਵਰ ਉਸ ਨੂੰ ਬਚਾਉਂਦਿਆਂ ਗੱਡੀ ਵਿੱਚ ਪਾ ਕੇ ਉੱਥੋਂ ਨਿਕਲਿਆ। ਇਸ ਦੌਰਾਨ ਪੀੜਤ ਪਰਿਵਾਰ ਵੱਲੋਂ ਮੌਕੇ ‘ਤੇ ਇੱਕ ਵੀਡੀਓ ਵੀ ਬਣਾਈ ਗਈ, ਜੋ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਪੁਲਿਸ ਵੱਲੋਂ ਮਾਮਲਾ ਦਰਜ
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ਅਤੇ ਵਾਇਰਲ ਵੀਡੀਓ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਹੁਣ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



