ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–14 ਸਤੰਬਰ ਤੋਂ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਪਰ ਇਸ ਤੋਂ ਪਹਿਲਾਂ ਹੀ ਸਿਆਸਤ ਸ਼ੁਰੂ ਹੋ ਗਈ ਹੈ। ਦਰਅਸਲ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਇਸ ਸੈਸ਼ਨ ਵਿਚ ਪ੍ਰਸ਼ਨ ਕਾਲ ਨਾ ਰੱਖਣ ਕਰਕੇ ਕੇਂਦਰ ਸਰਕਾਰ ਉੱਤੇ ਨਿਸ਼ਾਨਾ ਸਾਧਿਆ ਹੈ ਅਤੇ ਕਿਹਾ ਕਿ ਸਰਕਾਰ ਸਵਾਲਾਂ ਤੋਂ ਭੱਜ ਰਹੀ ਹੈ।
ਭਗਵੰਤ ਮਾਨ ਨੇ ਕਿਹਾ ਹੈ ਕਿ ਇਸ ਵਾਰ ਦੇ ਮਾਨਸੂਨ ਸੈਸ਼ਨ ਵਿਚ ਪ੍ਰਸ਼ਨ ਕਾਲ ਨਹੀਂ ਹੈ। ਸਿਫਰ ਕਾਲ ਦੌਰਾਨ ਸਾਂਸਦ ਆਪਣੇ ਹਲਕੇ ਦੇ ਲੋਕਲ ਮੁੱਦੇ ਨਹੀਂ ਉੱਠਾ ਸਕਣਗੇ ਤੇ ਕੇਵਲ ਪੇਸ਼ ਹੋਣ ਵਾਲੇ ਬਿੱਲਾਂ ਉੱਤੇ ਡਿਬੇਟ ਦੌਰਾਨ ਆਪਣੀ ਵਾਰੀ ਮੁਤਾਬਕ ਬੋਲ ਸਕਣਗੇ। ਭਗਵੰਤ ਮਾਨ ਨੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਸਰਕਾਰ ਨੂੰ ਸਾਂਸਦ ਦੁਆਰਾ ਪੁੱਛੇ ਗਏ ਸਵਾਲ ਦਾ ਜਵਾਬ ਦੇਣ ਲੱਗੇ ਕੋਰੋਨਾ ਫੈਲਣ ਦਾ ਖਤਰਾ ਹੋਵੇਗਾ ਪਰ ਡਿਬੇਟ ਦੌਰਾਨ ਜਦੋਂ ਸਾਂਸਦ ਆਪਣੀ ਸੀਟ ‘ਤੇ ਖੜ੍ਹਾ ਹੋ ਕੇ ਬੋਲਗਾ ਤਾਂ ਕੋਰੋਨਾ ਦਾ ਕੋਈ ਡਰ ਨਹੀਂ ਹੋਵੇਗਾ।
ਉਨ੍ਹਾਂ ਕਿਹਾ ਕਿ ਇਸ ਦਾ ਸਿੱਧਾ ਮਤਲਬ ਇਹ ਹੈ ਕਿ ਸਰਕਾਰ ਸਵਾਲਾਂ ਤੋਂ ਭੱਜ ਰਹੀ ਹੈ ਅਤੇ ਕੋਰੋਨਾ ਜਰੀਏ ਸਵਾਲਾਂ ਤੋਂ ਆਪਣਾ ਬਚਾਅ ਕਰ ਰਹੀ ਹੈ। ਭਗਵੰਤ ਮਾਨ ਮੁਤਾਬਕ ਸਰਕਾਰ ਵੱਲੋਂ ਇਹ ਫੈਸਲੇ ਆਪਣੀ ਮਨਮਰਜੀ ਨਾਲ ਥੋਪੇ ਜਾ ਰਹੇ ਹਨ ਅਤੇ ਅਣ-ਐਲਾਨੀ ਐਮਰਜੈਂਸੀ ਵਰਗੇ ਹਾਲਾਤ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਸੈਸ਼ਨ ਦੌਰਾਨ ਜਿਨ੍ਹਾਂ ਵੀ ਮੈਨੂੰ ਬੋਲਣ ਦਾ ਮੌਕਾ ਮਿਲੇਗਾ ਮੈਂ ਪੰਜਾਬ ਨਾਲ ਜੁੜੇ ਹਰ ਮੁੱਦੇ ਨੂੰ ਚੁੱਕਾਂਗਾ।
ਦੱਸ ਦਈਏ ਕਿ ਕੋਰੋਨਾ ਸੰਕਟ ਨੂੰ ਵੇਖਦੇ ਹੋਏ ਇਸ ਵਾਰ ਲੋਕਸਭਾ ਅਤੇ ਰਾਜਸਭਾ ਦੀ ਕਾਰਵਾਈ ਵਿਚ ਕੁੱਝ ਬਦਲਾਅ ਕੀਤੇ ਗਏ ਹਨ ਜਿਸ ਮੁਤਾਬਕ ਹੁਣ ਮਾਨਸੂਨ ਸੈਸ਼ਨ ਵਿਚ ਪ੍ਰਸ਼ਨਕਾਲ ਨਹੀਂ ਹੋਵੇਗਾ ਪਰ ਸਿਫਰ ਕਾਲ ਰਹੇਗਾ। 14 ਸਤੰਬਰ ਨੂੰ ਸ਼ੁਰੂ ਹੋ ਕੇ 1 ਅਕਤੂਬਰ ਤੱਕ ਚੱਲਣ ਵਾਲੇ ਸੰਸਦ ਦੇ ਮਾਨਸੂਨ ਸੈਸ਼ਨ ਵਿਚ ਲੋਕਸਭਾ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਬੈਠੇਗੀ ਅਤੇ ਰਾਜ ਸਭਾ ਦੀ ਕਾਰਵਾਈ ਦੁਪਹਿਰ 3 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਸੱਤ ਵਜੇ ਤੱਕ ਚੱਲੇਗੀ। ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਨਹੀਂ ਹੋਵੇਗੀ ਅਤੇ ਕੁੱਲ 18 ਬੈਠਕਾਂ ਹੋਣਗੀਆਂ।
