ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਆਉਣ ਵਾਲੀ 31 ਅਗਸਤ ਨੂੰ ਅਨਲੌਕ-3 ਦੀ ਮਿਆਦ ਖਤਮ ਹੋਣ ਜਾ ਰਹੀ ਹੈ ਅਤੇ ਅਨਲੌਕ-4 ਲਈ ਕੇਂਦਰ ਸਰਕਾਰ ਇਸ ਮਹੀਨੇ ਦੇ ਅਖੀਰ ਤੱਕ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰ ਸਕਦੀ ਹੈ ਜਿਸ ਵਿਚ ਲੋਕਾਂ ਨੂੰ ਹੋਰ ਢਿੱਲਾਂ ਮਿਲ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਅਨਲੌਕ-4 ਵਿਚ ਇਕ ਸਤੰਬਰ ਤੋਂ ਮੈਟਰੋ ਟ੍ਰੇਨ ਸੇਵਾਵਾਂ ਸ਼ੁਰੂ ਕਰਨ ਦੀ ਆਗਿਆ ਦਿੱਤੀ ਜਾ ਸਕਦੀ ਹੈ ਪਰ ਸਕੂਲਾਂ ਅਤੇ ਕਾਲਜਾਂ ਨੂੰ ਖੋਲ੍ਹਣ ਦੀ ਅਜੇ ਕੋਈ ਵੀ ਸੰਭਾਵਨਾ ਨਹੀਂ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਅਧਿਕਾਰੀਆਂ ਨੇ ਦੱਸਿਆ ਹੈ ਕਿ ਅਨਲੌਕ-4 ਵਿਚ ਹੁਣ ਤੱਕ ਬੰਦ ਕੀਤੇ ਗਏ ਬਾਰ ਵੀ ਖੋਲ੍ਹੇ ਜਾ ਸਕਦੇ ਹਨ ਪਰ ਇੱਥੇ ਸ਼ਰਾਬ ਪੀਣ ਦੀ ਆਗਿਆ ਨਹੀਂ ਹੋਵੇਗੀ। ਕੋਰੋਨਾ ਮਹਾਂਮਾਰੀ ਕਰਕੇ ਮੈਟਰੋ ਸੇਵਾਵਾਂ ਨੂੰ ਲਾਕਡਾਊਨ ਲੱਗਣ ਤੋਂ ਕੁੱਝ ਦਿਨ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਸੀ ਜਿਸ ਨੂੰ ਹੁਣ ਅਨਲੌਕ-4 ਵਿਚ ਮੁੜ ਤੋਂ ਸ਼ੁਰੂ ਕਰਨ ਦੀ ਇਜ਼ਾਜਤ ਦਿੱਤੀ ਜਾ ਸਕਦੀ ਹੈ, ਹਾਲਾਂਕਿ ਇਸ ਬਾਰੇ ਵਿਚ ਅੰਤਿਮ ਫੈਸਲਾ ਸੂਬਾ ਸਰਕਾਰਾਂ ਆਪਣੇ ਇੱਥੇ ਕੋਰੋਨਾ ਦੀ ਸਥਿਤੀ ਦੇ ਹਿਸਾਬ ਨਾਲ ਲੈਣਗੀਆਂ। ਅਨਲੌਕ-4 ਵਿਚ ਸਕੂਲ-ਕਾਲਜਾਂ ਨੂੰ ਖੋਲ੍ਹਣ ਸਬੰਧੀ ਕੋਈ ਵੀ ਸੰਭਾਵਨਾ ਨਹੀ ਹੈ, ਕਿਉਂਕਿ ਇਸ ਦੇ ਨਾਲ ਕੋਰੋਨਾ ਫੈਲਣ ਦਾ ਵੱਡਾ ਖਤਰਾ ਹੈ, ਨਾਲ ਹੀ ਸਿਨੇਮਾ ਘਰਾਂ ਨੂੰ ਖੋਲ੍ਹਣ ਉੱਤੇ ਵੀ ਪਾਬੰਦੀ ਲੱਗੀ ਰਹਿ ਸਕਦੀ ਹੈ। ਰਿਪੋਰਟਾਂ ਮੁਤਾਬਕ ਅਧਿਕਾਰੀਆਂ ਨੇ ਦੱਸਿਆ ਹੈ ਕਿ ਸਰਕਾਰ ਆਈਆਈਟੀ ਵਰਗੇ ਉੱਚ ਸਿੱਖਿਆ ਸੰਸਥਾਨ ਖੋਲ੍ਹਣ ਉੱਤੇ ਵੀ ਚਿੰਤਨ ਕਰ ਰਹੀ ਹੈ। ਖੈਰ ਅਨਲੌਕ-4 ਵਿਚ ਹੋਰ ਕਿਹੜੀਆਂ ਢਿੱਲਾਂ ਮਿਲਣਗੀਆਂ ਇਸ ਦੀ ਅਧਿਕਾਰਕ ਪੁਸ਼ਟੀ ਤਾਂ ਸਰਕਾਰ ਵੱਲੋਂ ਜਾਰੀ ਹੋਣ ਵਾਲੇ ਦਿਸ਼ਾ-ਨਿਰਦੇਸ਼ਾਂ ਮਗਰੋਂ ਹੀ ਹੋਵੇਗੀ।
ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਦੇ ਚੱਲਦੇ ਪੂਰੇ ਦੇਸ਼ ਵਿਚ 25 ਮਾਰਚ ਨੂੰ ਲਾਕਡਾਊਨ ਲਗਾ ਦਿੱਤਾ ਗਿਆ ਸੀ ਅਤੇ 2 ਮਹੀਨਿਆਂ ਬਾਅਦ 1 ਜੂਨ ਤੋਂਅਨਲੌਕ-1 ਦੇ ਤਹਿਤ ਲੋਕਾਂ ਨੂੰ ਢਿੱਲਾਂ ਦੇਣੀਆਂ ਸ਼ੁਰੂ ਕੀਤੀਆਂ ਗਈਆਂ ਸਨ।
