ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪਾਕਿਸਤਾਨ ਵਿਚ ਇਕ ਸਾਲ ਪਹਿਲਾਂ ਸਿੱਖ ਲੜਕੀ ਜਗਜੀਤ ਕੌਰ ਦਾ ਜਬਰੀ ਧਰਮ ਪਰਿਵਰਤਨ ਕਰ ਉਸ ਨਾਲ ਇਕ ਮੁਸਲਿਮ ਲੜਕੇ ਨੇ ਨਿਕਾਹ ਕਰ ਲਿਆ ਸੀ ਅਤੇ ਪਿਛਲੇ ਦਿਨਾਂ ਵਿਚ ਲਾਹੌਰ ਹਾਈਕੋਰਟ ਨੇ ਜਗਜੀਤ ਕੌਰ ਉਰਫ ਆਈਸ਼ਾ ਨੂੰ ਸ਼ੈਲਟਰ ਹੋਮ ਤੋਂ ਰਿਹਾਅ ਕਰਨ ਅਤੇ ਉਸ ਨੂੰ ਉਸ ਦੇ ਮੁਸਲਿਮ ਪਤੀ ਮੁਹੰਮਦ ਹਸਨ ਨਾਲ ਜਾਣ ਦੀ ਆਗਿਆ ਦੇ ਦਿੱਤੀ ਹੈ ਜਿਸ ਤੋਂ ਬਾਅਦ ਹੁਣ ਜਗਜੀਤ ਕੌਰ ਦਾ ਪੂਰਾ ਪਰਿਵਾਰ ਪਾਕਿਸਤਾਨ ਛੱਡਣਾ ਚਾਹੁੰਦਾ ਹੈ।
ਇਕ ਅੰਗ੍ਰੇਜੀ ਅਖਬਾਰ ਦੀ ਰਿਪੋਰਟ ਅਨੁਸਾਰ ਜਗਜੀਤ ਦੇ ਪਰਿਵਾਰ ਨੇ ਨਨਕਾਣਾ ਸਾਹਿਬ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਪੱਤਰ ਲਿਖ ਕੇ ਇਹ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਪਾਸਪੋਰਟ ਜਾਰੀ ਕੀਤੇ ਜਾਣ ਤਾਂ ਜੋ ਉਹ ਕਿਸੇ ਦੂਸਰੇ ਦੇਸ਼ ਵਿਚ ਜਾ ਕੇ ਬਿਨਾਂ ਕਿਸੇ ਡਰ ਤੋਂ ਜ਼ਿੰਦਗੀ ਜੀਅ ਸੱਕਣ। ਰਿਪੋਰਟ ਅਨੁਸਾਰ ਜਗਜੀਤ ਦੇ ਭਰਾ ਨੇ ਦੱਸਿਆ ਹੈ ਕਿ ਉਹ ਆਪਣੀਆਂ ਜਵਾਨ ਧੀਆਂ ਨੂੰ ਸਕੂਲ ਅਤੇ ਬਜ਼ਾਰਾਂ ਵਿਚ ਇੱਕਲੀ ਨਹੀਂ ਭੇਜ ਸਕਦੇ ਕਿਉਂਕਿ ਦੂਜੇ ਸਮੁਦਾਏ ਦੇ ਲੋਕ ਉਨ੍ਹਾਂ ਨੂੰ ਬੇਇੱਜਤ ਕਰਦੇ ਹਨ ਜਿਸ ਕਰਕੇ ਉਨ੍ਹਾਂ ਨੇ ਡੀਸੀ ਨੂੰ ਆਪਣੇ 9 ਪਰਿਵਾਰਕ ਮੈਂਬਰਾਂ ਜਿਸ ਵਿਚ ਔਰਤਾਂ ਵੀ ਸ਼ਾਮਲ ਹਨ, ਨੂੰ ਪਾਸਪੋਰਟ ਜਾਰੀ ਕਰਨ ਦੀ ਬੇਨਤੀ ਕੀਤੀ ਹੈ।
ਦਰਅਸਲ 19 ਸਾਲਾਂ ਜਗਜੀਤ ਕੌਰ ਦੇ ਮਾਪਿਆਂ ਨੇ ਇਲਜ਼ਾਮ ਲਾਇਆ ਸੀ ਕਿ ਮੁਹੰਮਦ ਹਸਨ ਨੇ ਜ਼ਬਰੀ ਉਨ੍ਹਾਂ ਦੀ ਧੀ ਦਾ ਧਰਮ ਬਦਲਵਾਇਆ ਤੇ ਉਸ ਨਾਲ ਨਿਕਾਹ ਕਰਵਾ ਲਿਆ ਸੀ।ਪਰਿਵਾਰ ਨੇ ਅਦਾਲਤ ਵਿੱਚ ਕਿਹਾ ਸੀ ਕਿ ਉਹ ਨਾਬਾਲਗ ਹੈ ਅਤੇ ਉਸ ਦੀ ਉਮਰ 15 ਸਾਲ ਹੈ ਜਿਸ ਤੋਂ ਬਾਅਦ ਅਦਾਲਤ ਦੇ ਨਿਰਦੇਸ਼ਾਂ ‘ਤੇ ਉਸ ਦੀ ਅਸਲੀ ਉਮਰ ਜਾਣਨ ਲਈ ਉਸ ਦੀ ਮੈਡੀਕਲ ਜਾਂਚ ਵੀ ਕੀਤੀ ਗਈ, ਇਸ ਵਿੱਚ ਉਸ ਦੇ ਕਾਨੂੰਨੀ ਤੌਰ ‘ਤੇ ਬਾਲਗ ਹੋਣ ਬਾਰੇ ਪਤਾ ਲੱਗਿਆ। ਉੱਥੇ ਹੀ ਜਗਜੀਤ ਕੌਰ ਨੇ ਅਦਾਲਤ ਨੂੰ ਕਿਹਾ ਕਿ ਉਸ ਨੇ ਖੁਦ ਇਸਲਾਮ ਕਬੂਲ ਕੀਤਾ ਹੈ ਅਤੇ ਮਰਜ਼ੀ ਨਾਲ ਹਸਨ ਨਾਲ ਵਿਆਹ ਕਰਵਾਇਆ ਹੈ। ਉਸ ਨੇ ਇਹ ਵੀ ਕਿਹਾ ਕਿ ਉਹ ਆਪਣੇ ਸਹੁਰੇ ਪਰਿਵਾਰ ਨਾਲ ਰਹਿਣਾ ਚਾਹੁੰਦੀ ਹੈ ਜਿਸ ਤੋਂ ਬਾਅਦ ਕੋਰਟ ਨੇ ਉਸ ਨੂੰ ਸ਼ੈਲਟਰ ਹੋਮ ਤੋਂ ਰਿਹਾਅ ਕਰਨ ਅਤੇ ਆਪਣੇ ਪਤੀ ਨਾਲ ਰਹਿਣ ਦੀ ਆਗਿਆ ਦੇ ਦਿੱਤੀ ਸੀ।
