ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ਉੱਤੇ ਕੈਪਟਨ ਸਰਕਾਰ ਕਸੂਤੀ ਘਿਰਦੀ ਹੋਈ ਨਜ਼ਰ ਆ ਰਹੀ ਹੈ। ਦਰਅਸਲ ਇਸ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਪੰਜਾਬ ਸਰਕਾਰ ਉੱਤੇ ਹਮਲਾਵਰ ਹੈ ਅਤੇ ਹਰ ਦਿਨ ਧਰਨੇ ਪ੍ਰਦਰਸ਼ਨ ਕਰ ਰਹੀ ਹੈ। ਇਸੇ ਤਹਿਤ ਅੱਜ ਸ਼ੁੱਕਰਵਾਰ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਦੁਆਰਾ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮੁੱਦੇ ਉੱਤੇ ਖੰਨਾ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।
ਇਸ ਮੌਕੇ ਸੁਖਬੀਰ ਬਾਦਲ ਨੇ ਜਮ ਕੇ ਕੈਪਟਨ ਸਰਕਾਰ ਉੱਤੇ ਨਿਸ਼ਾਨੇ ਸਾਧੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ”ਜਦੋਂ 2002 ਵਿਚ ਕਾਂਗਰਸ ਦੀ ਸਰਕਾਰ ਬਣੀ ਸੀ ਤਾਂ ਸ਼ਰਾਬ ਤੋਂ 1430 ਕਰੋੜ ਰੁਪਇਆ ਪੰਜਾਬ ਦੇ ਖਜ਼ਾਨੇ ਵਿਚ ਆਉਂਦਾ ਸੀ ਪਰ 2007 ਵਿਚ ਜਦੋਂ ਕਾਂਗਰਸ ਦੀ ਸਰਕਾਰ ਗਈ ਤਾਂ ਇਹ ਘੱਟ ਕੇ 1300 ਦੇ ਨੇੜੇ ਆ ਗਿਆ ਸੀ। ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਤਾਂ ਇਹ ਰਾਸ਼ੀ 1300 ਤੋਂ ਵਧਾ ਕੇ 5 ਹਜ਼ਾਰ ਕਰੋੜ ਕਰ ਦਿੱਤੀ ਸੀ ਪਰ ਹੁਣ ਇਹ ਸਾਢੇ ਤਿੰਨ ਹਜ਼ਾਰ ਕਰੋੜ ਰੁਪਏ ਰਹਿ ਗਿਆ ਹੈ ਅਤੇ ਇਸ ਕਰਕੇ ਹੀ ਖਜ਼ਾਨਾ ਖਾਲ੍ਹੀ ਹੋਇਆ ਹੈ ਜਿਸ ਕਰਕੇ ਪੈਨਸ਼ਨਾਂ ਨਹੀਂ ਮਿਲ ਰਹੀਆਂ”। ਸੁਖਬੀਰ ਬਾਦਲ ਮੁਤਾਬਕ ”ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਤਾਂ ਐਸਸੀ ਭਾਈਚਾਰੇ ਦੇ 5 ਤੋਂ 7 ਲੱਖ ਮੁਫਤ ਬੱਚਿਆਂ ਨੂੰ ਮੁਫਤ ਪੜਾਇਆ ਜਾਂਦਾ ਸੀ ਅਤੇ ਜਦੋਂ ਦੀ ਕੈਪਟਨ ਸਰਕਾਰ ਆਈ ਹੈ, ਉਦੋਂ ਦਾ ਇਹ ਸੱਭ ਬੰਦ ਹੋ ਗਿਆ ਹੈ”।
ਉਨ੍ਹਾਂ ਨੇ ਕਿਹਾ ਕਿ ”ਰੇਤੇ ਅਤੇ ਸ਼ਰਾਬ ਦੇ ਅਸਲੀ ਮਾਫੀਆ ਕਾਂਗਰਸ ਦੇ ਵਿਧਾਇਕ ਹਨ ਅਤੇ ਸਸਪੈਂਡ ਛੋਟੇ-ਛੋਟੇ ਅਧਿਕਾਰੀਆਂ ਨੂੰ ਕੀਤਾ ਜਾ ਰਿਹਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ”ਜੰਡਿਆ ਗੁਰੂ ਜਿੱਥੇ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਹੋਈਆਂ ਹਨ, ਉੱਥੇ ਡੇਢ ਮਹੀਨੇ ਪਹਿਲਾਂ ਐਕਸਾਈਜ਼ ਵਿਭਾਗ ਨੇ ਨਕਲੀ ਸ਼ਰਾਬ ਨੂੰ ਲੈ ਕੇ ਛਾਪੇਮਾਰੀ ਕੀਤੀ ਸੀ ਪਰ ਉੱਥੋਂ ਦੇ ਕਾਂਗਰਸੀ ਵਿਧਾਇਕ ਨੇ ਅਫਸਰਾਂ ਨੂੰ ਘੇਰ ਲਿਆ ਅਤੇ ਪੁਲਿਸ ਬੁਲਾ ਕੇ ਉਨ੍ਹਾਂ ਵਿਰੁੱਧ ਪਰਚਾ ਦਰਜ ਕਰਵਾਇਆ”। ਸੁਖਬੀਰ ਬਾਦਲ ਨੇ ਆਰੋਪ ਲਗਾਇਆ ਕਿ ਨਕਲੀ ਸ਼ਰਾਬ ਵੇਚਣ ਨਾਲ ਇੱਕਠਾ ਹੋਇਆ ਸਾਲ ਦਾ ਦੋ ਤੋਂ ਢਾਈ ਸੋ ਕਰੋੜ ਰੁਪਇਆ ਸੋਨੀਆ ਗਾਂਧੀ ਕੋਲ ਜਾਂਦਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦਾ ਪਰਿਵਾਰ ਹੈ। ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਪੰਜਾਬ ਲਈ ਜਿਊਂਦੇ ਹਨ ਅਤੇ ਪੰਜਾਬ ਲਈ ਹੀ ਮਰਦੇ ਹਨ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਆਪਣੀ ਜਵਾਨ ਦੇ ਪੱਕੇ ਹਨ ਅਤੇ ਉਨ੍ਹਾਂ ਨੇ ਲੋਕਾਂ ਨਾਲ ਕੀਤੇ ਵਾਅਦ ਪੂਰੇ ਕੀਤੇ ਹਨ ਜਿਸ ਕਰਕੇ ਉਹ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ। ਸੁਖਬੀਰ ਬਾਦਲ ਨੇ ਇਸ ਮੌਕੇ ਟਕਸਾਲੀ ਲੀਡਰਾਂ ਉੱਤੇ ਵੀ ਨਿਸ਼ਾਨ ਸਾਧੇ ਅਤੇ ਕਿਹਾ ਕਿ ਪਾਰਟੀ ਨੂੰ ਛੱਡਣ ਵਾਲੇ ਟਕਸਾਲੀ ਨਹੀਂ ਜਾਅਲੀ ਹੁੰਦੇ ਹਨ। ਉੱਥੇ ਹੀ ਇਸ ਰੋਸ ਪ੍ਰਦਰਸ਼ਨ ਵਿਚ ਅਕਾਲੀ ਆਗੂ ਬਿਕਰਮ ਮਜੀਠੀਆ ਸਮੇਤ ਪਾਰਟੀ ਦੇ ਕਈ ਵੱਡੇ ਲੀਡਰ ਮੌਜੂਦ ਸਨ।
