ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਅਤੇ ਚੀਨ ਵਿਚਾਲੇ ਪੂਰਬੀ ਲੱਦਾਖ ਵਿਚ ਸੀਮਾ ਵਿਵਾਦ ਲਗਾਤਾਰ ਜਾਰੀ ਹੈ ਜਿਸ ਨੂੰ ਘੱਟ ਕਰਨ ਲਈ ਅੱਜ ਸ਼ਨੀਵਾਰ ਨੂੰ ਦੋਲਤ ਬੇਗ ਓਲਡੀ ਵਿਚ ਦੋਵਾਂ ਦੇਸ਼ਾਂ ਦੇ ਮੇਜਰ ਜਨਰਲ ਗੱਲਬਾਤ ਕਰ ਰਹੇ ਹਨ। ਇਹ ਗੱਲਬਾਤ ਗਲਵਾਨ ਖੇਤਰ ਦੇ ਉੱਤਰ ਵਿਚ ਮੈਦਾਨੀ ਇਲਾਕਿਆਂ ਤੋਂ ਸੈਨਿਕਾਂ ਨੂੰ ਪਿੱਛੇ ਹਟਾਉਣ ਲਈ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਦੋਵਾਂ ਦੇਸ਼ਾਂ ਦੇ ਕਮਾਂਡਰਾਂ ਵਿਚਾਲੇ ਬੈਠਕ ਅੱਜ ਸ਼ਨੀਵਾਰ ਸਵੇਰੇ ਤੋਂ ਸ਼ੁਰੂ ਹੋ ਗਈ ਸੀ ਜੋ ਕਿ ਅਜੇ ਤੱਕ ਜਾਰੀ ਹੈ। ਇਸ ਬੈਠਕ ਵਿਚ ਭਾਰਤ ਦੀ ਅਗਵਾਈ 3 ਮਾਊਂਟੇਨ ਡਿਵੀਜ਼ਨ ਦੇ ਜਨਰਲ ਆਫਿਸਰ ਕਮਾਂਡਰ ਮੇਜਰ ਜਨਰਲ ਅਭਿਜੀਤ ਬਾਪਟ ਕਰ ਰਹੇ ਹਨ ਜਦਕਿ ਚੀਨ ਦਾ ਪੱਖ ਪੀਪਲਜ਼ ਲਿਬਰੇਸ਼ਨ ਆਰਮੀ ਦੇ ਸੀਨੀਅਰ ਕਰਨਲ ਹਾਨ ਰੁਈ ਰੱਖ ਰਹੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਇਹ ਗੱਲਬਾਤ ਗਲਵਾਨ ਖੇਤਰ ਦੇ ਉੱਤਰ ਡੇਪਸਾਂਗ ਦੇ ਮੈਦਾਨੀ ਇਲਾਕਿਆਂ ਤੋਂ ਸੈਨਿਕਾਂ ਨੂੰ ਹਟਾਉਣ ਲਈ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ 15 ਹਜ਼ਾਰ ਤੋਂ ਵੱਧ ਚੀਨੀ ਸੈਨਿਕ ਤਾਇਨਾਤ ਹਨ ਜਦਕਿ ਭਾਰਤ ਨੇ ਵੀ ਆਪਣੇ ਫੌਜੀ ਜਵਾਨਾਂ ਦੀ ਵੱਡੀ ਗਿਣਤੀ ਵਿਚ ਤਾਇਨਾਤੀ ਕੀਤੀ ਹੋਈ ਹੈ। ਬੈਠਕ ਵਿਚ 16 ਹਜ਼ਾਰ ਫੁੱਟ ਦੀ ਉਚਾਈ ਉੱਤੇ ਸਥਿਤ 900 ਵਰਗ ਕਿਲੋਮੀਟਰ ਦੇ ਮੈਦਾਨਾਂ ਤੋਂ ਸੈਨਿਕਾਂ ਨੂੰ ਵਾਪਸ ਬੁਲਾਉਣ ਅਤੇ ਉੱਥੋਂ ਹਟਾਉਣ ਦੀ ਪ੍ਰਣਾਲੀ ਉੱਤੇ ਕੰਮ ਕਰਨ ਦੇ ਬਾਰੇ ਵਿਚ ਚਰਚਾ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਤਿੰਨ ਅਗਸਤ ਨੂੰ ਭਾਰਤੀ ਅਤੇ ਚੀਨੀ ਸੈਨਾ ਦੇ ਸੀਨੀਅਰ ਕਮਾਂਡਰਾਂ ਵਿਚਾਲੇ ਪੰਜਵੇ ਪੜਾਅ ਦੀ ਗੱਲਬਾਤ ਹੋਈ ਸੀ ਜੋ ਕਿ ਲਗਭਗ 11 ਘੰਟੇ ਚੱਲੀ ਸੀ। ਇਸ ਦੌਰਾਨ ਭਾਰਤ ਨੇ ਚੀਨ ਨੂੰ ਅਸਲ ਕੰਟਰੋਲ ਰੇਖਾ ਉੱਤੇ ਵਿਵਾਦ ਵਾਲੇ ਸਾਰੇ ਸਥਾਨਾਂ ਤੋਂ ਆਪਣੀ ਸੈਨਾ ਨੂੰ ਪਿੱਛੇ ਹਟਾਉਣ ਲਈ ਕਿਹਾ ਸੀ।
