ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਅੱਜ ਬੁੱਧਵਾਰ 5 ਅਗਸਤ ਨੂੰ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਨੂੰ ਪੂਰਾ ਇਕ ਸਾਲ ਹੋ ਗਿਆ ਹੈ ਜਿਸ ਕਰਕੇ ਸ਼੍ਰੀਨਗਰ ਅਤੇ ਘਾਟੀ ਦੇ ਹੋਰ ਹਿੱਸਿਆਂ ਵਿਚ ਸੁਰੱਖਿਆ ਪ੍ਰਬੰਧਾਂ ਦੇ ਖਾਸ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ। ਹਾਲਾਂਕਿ ਸ੍ਰੀਨਗਰ ਵਿਚ ਸੋਮਵਾਰ ਤੋਂ ਜਾਰੀ ਕਰਫਿਊ ਅੱਜ ਬੁੱਧਵਾਰ ਨੂੰ ਹਟਾਇਆ ਗਿਆ ਹੈ।
ਦਰਅਸਲ ਪ੍ਰਸ਼ਾਸਨ ਨੂੰ ਸੂਚਨਾ ਮਿਲੀ ਸੀ ਕਿ ਧਾਰਾ 370 ਨੂੰ ਹਟਾਏ ਜਾਣ ਦੇ ਇਕ ਸਾਲ ਪੂਰਾ ਹੋਣ ਉੱਤੇ ਕੁੱਝ ਅਲਗਾਵਾਦੀ ਲੀਡਰ ਅਤੇ ਲੋਕ ਪੰਜ ਅਗਸਤ ਨੂੰ ਕਾਲਾ ਦਿਵਸ ਦੇ ਰੂਪ ਵਿਚ ਮਨਾਉਣ, ਹਿੰਸਾ ਅਤੇ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾ ਰਹੇ ਹਨ ਜਿਸ ਕਰਕੇ ਸੁਰੱਖਿਆ ਨੂੰ ਹੋਰ ਵੀ ਸਖਤ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਅਪੀਲ ਕੀਤੀ ਗਈ ਹੈ। ਕੋਈ ਵੀ ਵੱਡਾ ਇੱਕਠ ਕਰਨ ਉੱਤੇ ਸਖਤ ਪਾਬੰਦੀ ਹੈ। ਦੱਸ ਦਈਏ ਕਿ ਪਿਛਲੇ ਸਾਲ 2019 ਵਿਚ ਮੋਦੀ ਸਰਕਾਰ ਨੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੀ ਧਾਰਾ 370 ਨੂੰ ਖਤਮ ਕਰ ਦਿੱਤਾ ਸੀ ਅਤੇ ਸੂਬੇ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਕੇਂਦਰ ਸਾਸ਼ਿਤ ਪ੍ਰਦੇਸ਼ ਬਣਾ ਦਿੱਤਾ ਸੀ।ਜੰਮੂ ਕਸ਼ਮੀਰ ਦਾ ਦੂਜਾ ਹਿੱਸਾ ਲੱਦਾਖ ਸੀ ਜਿਸ ਨੂੰ ਵੀ ਕੇਂਦਰ ਸ਼ਾਸ਼ਿਤ ਪ੍ਰਦੇਸ਼ ਘੋਸ਼ਿਤ ਕਰ ਦਿੱਤਾ ਗਿਆ ਸੀ। ਧਾਰਾ 370 ਹਟਾਉਣ ਦਾ ਐਲਾਨ ਖੁਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ਵਿਚ ਕੀਤਾ ਸੀ ਜਿਸ ਉੱਤੇ ਕਾਫੀ ਵਿਵਾਦ ਅਤੇ ਬਹਿਸ ਹੋਈ ਸੀ। ਸਰਕਾਰ ਨੇ ਇਸ ਐਲਾਨ ਦੇ ਨਾਲ ਹੀ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੂਰੇ ਜੰਮੂ ਕਸ਼ਮੀਰ ਵਿਚ ਕਰਫਿਊ ਲਗਾ ਦਿੱਤਾ ਸੀ ਹਾਲਾਂਕਿ ਸਥਿਤੀ ਠੀਕ ਹੋਣ ‘ਤੇ ਹੁਣ ਬਹੁਤ ਹੱਦ ਤੱਕ ਢਿੱਲਾਂ ਦੇ ਦਿੱਤੀਆਂ ਗਈਆਂ ਹਨ ਅਤੇ ਕਰਫਿਊ ਹਟਾਉਣ ਦੇ ਨਾਲ-ਨਾਲ 2ਜੀ ਇੰਟਰਨੈੱਟ ਸੇਵਾ ਬਹਾਲ ਕੀਤੀ ਗਈ ਹੈ। ਦੂਜੇ ਪਾਸੇ ਧਾਰਾ 370 ਹਟਾਏ ਜਾਣ ਤੋਂ ਬਾਅਦ ਹੀ ਜੰਮੂ ਕਸ਼ਮੀਰ ਦੇ ਰਾਜਨੀਤਿਕ ਆਗੂਆਂ ਅਤੇ ਅਲਗਾਵਾਦੀ ਨੇਤਾਵਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ, ਜਿਨ੍ਹਾਂ ਵਿਚੋਂ ਕਈਆਂ ਨੂੰ ਰਿਹਾਅ ਵੀ ਕਰ ਦਿੱਤਾ ਗਿਆ ਹੈ।

