ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਸ਼ੁਰੂ ਹੋਇਆ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਸੂਬੇ ਦੇ ਤਿੰਨ ਜ਼ਿਲ੍ਹਿਆਂ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਵਿਚ ਹੁਣ ਤੱਕ 108 ਲੋਕ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ। ਉੱਥੇ ਹੀ ਪੁਲਿਸ ਵੀ ਇਸ ਪੂਰੇ ਮਾਮਲੇ ਵਿਚ ਮੁਲਜ਼ਮਾਂ ਦੀ ਧੜ-ਪਕੜ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਅਤੇ ਹੁਣ ਤੱਕ 37 ਲੋਕਾਂ ਨੂੰ ਗਿਰਫਤਾਰ ਕੀਤਾ ਜਾ ਚੁੱਕਿਆ ਹੈ।
ਦਰਅਸਲ ਤਰਨਤਾਰਨ ਜ਼ਿਲ੍ਹੇ ਵਿਚ ਹੁਣ ਤੱਕ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਸੱਭ ਤੋਂ ਵੱਧ 82 ਮੌਤਾਂ, ਗੁਰਦਾਸਪੁਰ ਦੇ ਬਟਾਲਾ ਵਿਚ 13 ਅਤੇ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿਚ ਵੀ ਜ਼ਹਿਰਲੀ ਸ਼ਰਾਬ 13 ਲੋਕਾਂ ਦੀ ਜਾਨ ਲੈ ਚੁੱਕੀ ਹੈ। ਇਸ ਤੋਂ ਇਲਾਵਾ ਅਜੇ ਵੀ ਕੋਈ ਲੋਕ ਹਸਪਤਾਲ ਵਿਚ ਭਰਤੀ ਹਨ ਅਤੇ ਜ਼ਿੰਦਗੀ ਤੇ ਮੌਤ ਵਿਚਾਲੇ ਜੰਗ ਲੜ ਰਹੇ ਹਨ। ਉੱਥੇ ਹੀ ਦੂਜੇ ਪਾਸੇ ਪੁਲਿਸ ਨੇ ਇਸ ਪੂਰੇ ਮਾਮਲੇ ਵਿਚ ਬੀਤੇ ਸੋਮਵਾਰ ਨੂੰ 12 ਹੋਰ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ ਜਿਨ੍ਹਾਂ ਵਿਚ ਦੋ ਵਪਾਰੀ ਵੀ ਸ਼ਾਮਲ ਹਨ। ਪੁਲਿਸ ਨੇ ਲੁਧਿਆਣਾ ਨਿਵਾਸੀ ਪੇਂਟ ਦੇ ਇੱਕ ਵਪਾਰੀ ਦੀ ਵੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ ਜਿਸ ਨੇ ਮੁੱਢਲੇ ਤੌਰ ’ਤੇ ਨਕਲੀ ਸ਼ਰਾਬ ਦੇ ਤਿੰਨ ਡਰੰਮ ਸਪਲਾਈ ਕੀਤੇ ਸਨ ਜਿਨਾਂ ਕਾਰਨ ਇੰਨੀ ਵੱਡੀ ਗਿਣਤੀ ਵਿੱਚ ਮੌਤਾਂ ਹੋਈਆਂ। ਡੀ.ਜੀ.ਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਤਾਜ਼ਾ-ਤਰੀਨ ਗਿ੍ਰਫਤਾਰੀਆਂ ਨਾਲ ਇਸ ਮਾਮਲੇ ਵਿਚ ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਗਿਣਤੀ 37 ਤੱਕ ਪਹੁੰਚ ਗਈ ਹੈ ਜਿਨ੍ਹਾਂ ਵਿਚ ਨਜਾਇਜ਼ ਸ਼ਰਾਬ ਮਾਫੀਆ ਜੋ ਕਿ ਸੂਬੇ ਦੇ ਕਈ ਜ਼ਿਲਿਆਂ ਵਿਚ ਆਪਣਾ ਜਾਲ ਫੈਲਾ ਚੁੱਕਿਆ ਸੀ, ਦੇ ਪੰਜ ਸਰਗਨਾ ਵੀ ਸ਼ਾਮਲ ਹਨ। ਇਸ ਮਾਮਲੇ ਵਿਚ ਅੱਠ ਹੋਰ ਪਛਾਣ ਕੀਤੇ ਗਏ ਦੋਸ਼ੀਆਂ ਦੀ ਪੂਰੀ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਇਨ੍ਹਾਂ ਵਿਚ ਲੁਧਿਆਣਾ ਨਿਵਾਸੀ ਇੱਕ ਪੇਂਟ ਦੀ ਦੁਕਾਨ ਦਾ ਮਾਲਕ ਰਾਜੇਸ਼ ਜੋਸ਼ੀ ਨਾਮੀ ਵਿਅਕਤੀ ਵੀ ਹੈ ਜੋ ਕਿ ਇਸ ਮਾਫੀਆ ਲੜੀ ਦਾ ਇੱਕ ਅਹਿਮ ਹਿੱਸਾ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਨੇ ਮੁਅੱਤਲ ਕੀਤੇ ਦੋ ਡੀ.ਐਸ.ਪੀਜ਼ ਅਤੇ ਚਾਰ ਐਸ.ਐਚ.ਓਜ਼ ਖਿਲਾਫ ਵਿਭਾਗੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਦੇ ਹੁਕਮਾਂ ਤਹਿਤ ਕੀਤੀ ਜਾ ਰਹੀ ਮੈਜਿਸਟ੍ਰੇਟੀ ਜਾਂਚ ਵਿਚ ਸਾਰੇ ਸ਼ੱਕੀ ਵਿਅਕਤੀਆਂ, ਛੇ ਪੁਲਿਸ ਅਤੇ ਸੱਤ ਕਰ ਤੇ ਆਬਕਾਰੀ ਅਫਸਰਾਂ, ਜਿਨ੍ਹਾਂ ਦੀ ਮੁਅੱਤਲੀ ਦੇ ਹੁਕਮ ਮੁੱਖ ਮੰਤਰੀ ਨੇ ਸ਼ਨੀਵਾਰ ਨੂੰ ਜਾਰੀ ਕੀਤੇ ਸਨ, ਦੀ ਭੂਮਿਕਾ ਦੀ ਗਹਿਰਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।
