ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੋਰੋਨਾ ਕਾਰਨ ਲਗਾਏ ਲਾਕਡਾਊਨ ਨੂੰ ਹਟਾ ਕੇ ਪੰਜਾਬ ਸਰਕਾਰ ਨੇ ਚਾਹੇ ਕੇਂਦਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕਈ ਤਰ੍ਹਾ ਦੀਆਂ ਢਿੱਲਾਂ ਦੇ ਦਿੱਤੀਆਂ ਹਨ ਪਰ ਗਾਣਿਆਂ ਅਤੇ ਫਿਲਮਾਂ ਦੀਆਂ ਸ਼ੂਟਿੰਗਾਂ ਅਜੇ ਵੀ ਬੰਦ ਪਈਆਂ ਹਨ, ਜਿਸ ਨੂੰ ਹੁਣ ਮੁੜ ਤੋਂ ਸ਼ੁਰੂ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਸੂਬੇ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਸਪੱਸ਼ਟ ਹਦਾਇਤਾਂ ਤਿਆਰ ਕਰਨ ਸਬੰਧੀ ਨਿਰਦੇਸ਼ ਦਿੱਤੇ ਹਨ।
ਸੀਐਮ ਕੈਪਟਨ ਵੱਲੋਂ ਇਹ ਨਿਰਦੇਸ਼ ਉਸ ਵੇਲੇ ਦਿੱਤੇ ਗਏ ਜਦੋਂ ਤਿੰਨ ਪੰਜਾਬੀ ਗਾਇਕਾਂ/ਕਲਾਕਾਰਾਂ ਵੱਲੋਂ ਕੈਬਨਿਟ ਮੀਟਿੰਗ ਉਪਰੰਤ ਸੰਖੇਪ ਜਿਹੀ ਵੀਡਿਓ ਕਾਨਫਰੰਸ ਮਿਲਣੀ ਦੌਰਾਨ ਫਿਲਮਾਂ ਅਤੇ ਗਾਣਿਆਂ ਦੀਆਂ ਸ਼ੂਟਿੰਗਾਂ ਨੂੰ ਮੁੜ ਤੋਂ ਸ਼ੁਰੂ ਕਰਨ ਦੀ ਮੰਗ ਕੀਤੀ ਗਈ। ਰੁਪਿੰਦਰ ਸਿੰਘ ‘ਗਿੱਪੀ ਗਰੇਵਾਲ’, ਰਣਜੀਤ ਬਾਵਾ ਤੇ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਭਾਵੇਂ ਮੁੱਖ ਮੰਤਰੀ ਵੱਲੋਂ ਪਿਛਲੇ ਮਹੀਨੇ ਸੂਬੇ ਵਿੱਚ ਸ਼ੂਟਿੰਗਾਂ ਮੁੜ ਸ਼ੁਰੂ ਕਰਨ ਬਾਰੇ ਐਲਾਨ ਕੀਤਾ ਗਿਆ ਸੀ ਪਰ ਸਪੱਸ਼ਟ ਦਿਸ਼ਾ ਨਿਰਦੇਸ਼ਾਂ ਦੀ ਅਣਹੋਂਦ ਕਾਰਨ ਸ਼ੂਟਿੰਗ ਦਾ ਕੰਮ ਮੁੜ ਸ਼ੁਰੂ ਕਰਨਾ ਔਖਾ ਹੈ ਜਿਹੜੀਆਂ ਕਿ ਲੌਕਡਾਊਨ ਸਮੇਂ ਤੋਂ ਪੂਰੀ ਤਰ੍ਹਾਂ ਬੰਦ ਹਨ। ਕਲਾਕਾਰਾਂ ਦੇ ਸਰੋਕਾਰ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਕਿਹਾ ਕਿ ਇਸ ਸਬੰਧੀ ਜਲਦੀ ਹੀ ਲੋੜੀਂਦੀਆਂ ਹਦਾਇਤਾਂ ਲਿਆਂਦੀਆਂ ਜਾਣ ਤਾਂ ਜੋ ਕੋਵਿਡ ਸਬੰਧੀ ਸੁਰੱਖਿਆ ਇਹਤਿਆਤਾਂ ਦੀ ਪਾਲਣਾ ਨਾਲ ਸ਼ੂਟਿੰਗ ਦਾ ਕੰਮ ਸੁਖਾਲਾ ਸ਼ੁਰੂ ਹੋ ਸਕੇ।
