ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਟ੍ਰੈਫਿਕ ਨਿਯਮਾਂ ਦੀ ਪਾਲਣਾ ਪ੍ਰਤੀ ਕਾਫੀ ਸੁਚੇਤ ਰਹਿਣ ਵਾਲੀ ਸਿਟੀ ਬਿਊਟੀਫੁੱਲ ਚ਼ੰਡੀਗੜ੍ਹ ਦੀ ਟ੍ਰੈਫਿਕ ਪੁਲਿਸ ਨੇ ਕਰੋੜਾਂ ਰੁਪਏ ਦੀ ਇਕ ਲੈਂਬੋਰਗਿਨੀ ਕਾਰ ਨੂੰ ਕਾਗਜ਼ ਪੱਤਰ ਪੂਰੇ ਨਾ ਹੋਣ ਕਰਕੇ ਜ਼ਬਤ ਕੀਤਾ ਹੈ ਅਤੇ ਉਸਦੇ ਚਾਲਕ ਉੱਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਕਰਕੇ 24 ਹਜ਼ਾਰ ਰੁਪਏ ਦਾ ਜ਼ੁਰਮਾਨਾ ਠੋਕਿਆ ਹੈ।
ਜਾਣਕਾਰੀ ਅਨੁਸਾਰ ਲਗਭਗ 4 ਕਰੋੜ ਰੁਪਏ ਦੀ ਕੀਮਤ ਵਾਲੀ ਲੈਂਬੋਰਗਿਨੀ ਕਾਰ ਚੰਡੀਗੜ੍ਹ ਦੀਆਂ ਸੜਕਾਂ ਉੱਤੇ ਹਵਾ ਨਾਲ ਗੱਲਾਂ ਕਰਦੀ ਦੋੜ ਰਹੀ ਸੀ ਜਿਸ ਨੂੰ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਸੈਕਟਰ 16-17 ਦੇ ਇਕ ਨਾਕੇ ਉੱਤੇ ਰੋਕਿਆ। ਹੈਰਾਨੀ ਵਾਲੀ ਗੱਲ ਇਹ ਸੀ ਕਿ ਇੰਨੀ ਮਹਿੰਗੀ ਸੁਪਰ ਲਗਜ਼ਰੀ ਗੱਡੀ ਦਾ ਕੋਈ ਕਾਗਜ਼ ਪੱਤਰ ਪੂਰਾ ਨਹੀਂ ਸੀ ਅਤੇ ਨਾ ਹੀ ਇਸ ਨੂੰ ਚਲਾਉਣ ਵਾਲੇ ਚਾਲਕ ਕੋਲ ਡਰਾਈਵਿੰਗ ਲਾਇਸੈਂਸ ਸੀ ਜਿਸ ਕਰਕੇ ਪੁਲਿਸ ਨੇ ਕਾਰ ਨੂੰ ਜ਼ਬਤ ਕਰਨ ਦੇ ਨਾਲ-ਨਾਲ ਉਸ ਦੇ ਚਾਲਕ ਉੱਤੇ ਖਤਰਨਾਕ ਤਰੀਕੇ ਨਾਲ ਡਰਾਈਵਿੰਗ ਕਰਨ ‘ਤੇ 2 ਹਜ਼ਾਰ ਰੁਪਏ, ਰੇਸਿੰਗ ਕਰਨ ‘ਤੇ 5 ਹਜ਼ਾਰ ਰੁਪਏ, ਇੰਸੋਰੈਂਸ ਨਾ ਹੋਣ ‘ਤੇ 2 ਹਜ਼ਾਰ ਰੁਪਏ, ਗੱਡੀ ਦੀ ਆਰ ਸੀ ਨਾ ਹੋਣ ਕਰਕੇ 5 ਹਜ਼ਾਰ ਰੁਪਏ ਅਤੇ ਡਰਾਈਵਿੰਗ ਲਾਇਸੈਂਸ ਨਾ ਹੋਣ ਕਰਕੇ 10 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਭਾਵ ਲੈਂਬੋਰਗਿਨੀ ਚਾਲਕ ਨੂੰ ਟ੍ਰੈਫਿਕ ਨਿਯਮਾਂ ਦਾ ਪਾਲਣਾ ਨਾ ਕਰਨਾ 24 ਹਜ਼ਾਰ ਰੁਪਏ ਵਿਚ ਪੈ ਗਿਆ ਹੈ ਅਤੇ ਨਾਲ ਹੀ ਉਸਦੀ ਲਗਜ਼ਰੀ ਕਾਰ ਵੀ ਜ਼ਬਤ ਹੋ ਗਈ ਹੈ। ਹੁਣ ਇਹ ਕਾਰ ਚੰਡੀਗੜ੍ਹ ਪੁਲਿਸ ਦੇ ਇਮਪਾਊਂਡ ਯਾਰਡ ਵਿਚ ਲਵਾਰਿਸਾਂਂ ਦੀ ਤਰ੍ਹਾ ਖੜ੍ਹੀ ਹੈ। ਦੱਸ ਦਈਏ ਕਿ ਚੰਡੀਗੜ੍ਹ ਟ੍ਰੈਫਿਕ ਪੁਲਿਸ ਪਹਿਲਾਂ ਵੀ ਟ੍ਰੈਫਿਕ ਨਿਯਮਾਂ ਨੂੰ ਤੋੜਨ ਉੱਤੇ ਕਈ ਵੱਡੀਆਂ ਹਸਤੀਆਂ ਦੇ ਨਾਲ-ਨਾਲ ਪੰਜਾਬ ਤੇ ਹਰਿਆਣਾ ਦੇ ਵੱਡੇ ਰਾਜਨੀਤਿਕ ਆਗੂਆਂ ਦਾ ਚਲਾਨ ਵੀ ਕੱਟ ਚੁੱਕੀ ਹੈ।
