ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਮੰਗਲਵਾਰ ਨੂੰ 12ਵੀਂ ਦੇ ਨਤੀਜੇ ਐਲਾਨ ਦਿੱਤੇ ਹਨ। ਇਸ ਸਾਲ ਦੇ ਨਤੀਜਿਆਂ ਵਿਚ 90.98 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਵੱਡੀ ਗੱਲ ਇਹ ਰਹੀ ਹੈ ਕਿ ਲਗਾਤਾਰ ਦੂਜੀ ਵਾਰ ਸਰਕਾਰੀ ਸਕੂਲਾਂ ਨੇ ਐਫਿਲੀਏਟਡ ਅਤੇ ਐਸ਼ੋਸੀਏਟਿਡ ਸਕੂਲਾਂ ਨੂੰ ਨਤੀਜ਼ਿਆ ਵਿਚ ਪਛਾੜ ਦਿੱਤਾ ਹੈ।
ਜਾਣਕਾਰੀ ਅਨੁਸਾਰ ਇਸ ਵਾਰ ਕੁੱਲ 2,86,378 ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ ਸੀ ਜਿਨ੍ਹਾਂ ਵਿਚੋਂ 2,60,547 ਵਿਦਿਆਰਥੀ ਪਾਸ ਹੋਏ ਹਨ। ਉੱਥੇ ਹੀ ਇਸ ਵਾਰ ਸਰਕਾਰੀ ਸਕੂਲਾਂ ਦੀ ਪਾਸ ਫੀਸਦੀ 94.32 ਪ੍ਰਤੀਸ਼ਤ ਰਹੀ ਹੈ, ਜਦਕਿ ਐਫਿਲੀਏਟਡ ਸਕੂਲਾਂ ਦੀ 91.84 ਪ੍ਰਤੀਸ਼ਤ ਅਤੇ ਐਸ਼ੋਸੀਏਟਿਡ ਸਕੂਲਾਂ ਦੀ 87.04 ਫੀਸਦੀ ਰਹੀ ਹੈ। 92.77 ਫੀਸਦੀ ਰੈਗੂਲਰ ਵਿਦਿਆਰਥੀਆਂ ਨੇ ਇਹ ਇਮਤਿਹਾਨ ਪਾਸ ਕੀਤੇ ਹਨ।
ਇਨ੍ਹਾਂ ਨਤੀਜਿਆਂ ਨੂੰ ਲੈ ਕੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਹੈ ਕਿ ”ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰਵੀਂ ਜਮਾਤ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ ਤੇ ਨਤੀਜੇ ਦੌਰਾਨ 90.98 ਫ਼ੀਸਦੀ ਵਿਦਿਆਰਥੀ ਪਾਸ ਹੋਏ। ਇਹ ਸਭ ਕੁੱਝ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਦੂਰਅੰਦੇਸ਼ੀ ਤੇ ਉਨ੍ਹਾਂ ਦੀ ਰਹਿਨੁਮਾਈ ਹੇਠ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਢਾਂਚੇ ਨੂੰ ਹਰ ਪੱਖੋਂ ਬਿਹਤਰ ਬਣਾਉਣ ਲਈ ਕੀਤੀ ਗਈ ਮਿਹਨਤ ਦਾ ਨਤੀਜਾ ਹੈ। ਬਾਰਵੀਂ ਜਮਾਤ ਵਿੱਚੋਂ ਪਾਸ ਹੋਣ ਵਾਲੇ ਸਮੁੱਚੇ ਵਿਦਿਆਰਥੀਆਂ ਨੂੰ ਬਹੁਤ-ਬਹੁਤ ਵਧਾਈ ਤੇ ਬਿਹਤਰ ਭਵਿੱਖ ਲਈ ਸ਼ੁੱਭਕਾਮਨਾਵਾਂ”| ਸਿੰਗਲਾ ਨੇ ਅੱਗੇ ਕਿਹਾ ਕਿ ”ਸੀਐਮ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਸਿੱਖਿਆ ਢਾਂਚੇ ਵਿਚ 2017 ਤੋਂ ਬਾਅਦ ਲਗਾਤਾਰ ਸੁਧਾਰ ਹੋ ਰਿਹਾ ਹੈ। 2017 ਵਿਚ ਵਿਦਿਆਰਥੀਆਂ ਦੀ ਪਾਸ ਦਰ 63 ਫੀਸਦੀ ਸੀ ਜੋ ਕਿ ਹੁਣ 2020 ਵਿਚ 90.98 ਫੀਸਦੀ ਹੋ ਗਈ ਹੈ”।
