ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਵਿਚ ਕੋਰੋਨਾ ਆਪਣਾ ਖਤਰਨਾਕ ਰੂਪ ਵਿਖਾਉਣਾ ਸ਼ੁਰੂ ਕਰ ਚੁੱਕਿਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ 10 ਲੱਖ ਦਾ ਅੰਕੜਾ ਪਾਰ ਕਰ ਚੁੱਕੇ ਹਨ। ਇਸੇ ਵਿਚਾਲੇ ਹਰਿਆਣਾ ਦੀ ਰੋਹਤਕ ਪੀਜੀਆਈ ਤੋਂ ਕੋਰੋਨਾ ਵੈਕਸੀਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਪੀਜੀਆਈ ਰੋਹਤਕ ਵਿਚ ਕੋਰੋਨਾ ਵੈਕਸੀਨ(ਕੋਵੈਕਸੀਨ) ਦਾ ਇਨਸਾਨਾਂ ਉੱਤੇ ਟ੍ਰਾਇਲ ਸ਼ੁਰੂ ਕੀਤਾ ਗਿਆ ਹੈ। ਇਸ ਗੱਲ ਦੀ ਜਾਣਕਾਰੀ ਖੁਦ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਟਵੀਟ ਕਰਕੇ ਦਿੱਤੀ ਹੈ।
Human trial with Corona vaccine (COVAXIN) of Bharat Biotech started at PGI Rohtak today. Three subjects were enrolled today. All have tolerated the vaccine very well. There were no adverse efforts.
— Anil Vij Minister Haryana, India (@anilvijminister) July 17, 2020
ਅਨਿਲ ਵਿੱਜ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਭਾਰਤ ਬਾਇਓਟੇਕ ਦੀ ਕੋਰੋਨਾ ਵੈਕਸੀਨ(ਕੋਵੈਕਸੀਨ) ਦਾ ਮਨੁੱਖੀ ਪ੍ਰੀਖਣ ਸ਼ੁਰੂ ਹੋ ਗਿਆ ਹੈ। ਅੱਜ ਪੀਜੀਆਈ ਹੋਰਤਕ ਵਿਚ 3 ਲੋਕਾਂ ਨੂੰ ਇਨਰੋਲ ਕੀਤਾ ਗਿਆ। ਸਾਰਿਆਂ ਨੇ ਵੈਕਸੀਨ ਨੂੰ ਸਹਿਨ ਕੀਤਾ ਹੈ, ਕੋਈ ਮਾੜਾ ਪ੍ਰਭਾਵ ਨਹੀਂ ਵੇਖਿਆ ਗਿਆ। ਦੱਸ ਦਈਏ ਕਿ ਆਈਸੀਐਮਆਰ ਅਤੇ ਫਰਮਾ ਕੰਪਨੀ ਭਾਰਤ ਬਾਇਓਟੇਕ ਨੇ ਮਿਲਕੇ ਕੋਵੈਕਸੀਨ ਤਿਆਰ ਕਰ ਲਿਆ ਹੈ। ਇਸ ਦਾ ਕੋਡ ਨੇਮ BBV152 ਰੱਖਿਆ ਗਿਆ ਹੈ। ਇਸ ਵੈਕਸੀਨ ਨੂੰ 15 ਅਗਸਤ ਤੱਕ ਲਾਂਚ ਕਰਨ ਦਾ ਦਾਅਵਾ ਕੀਤਾ ਗਿਆ ਹੈ। ਖੈਰ ਵੈਕਸੀਨ ਦਾ ਮਨੁੱਖੀ ਟ੍ਰਾਇਲ ਸ਼ੁਰੂ ਹੋ ਚੁੱਕਿਆ ਹੈ। ਜੇਕਰ ਸਾਰੇ ਪ੍ਰੀਖਣ ਬਿਲਕੁੱਲ ਸਹੀ ਰਹਿੰਦੇ ਹਨ ਤਾਂ ਕੋਰੋਨਾ ਵਾਇਰਸ ਵਿਰੁੱਧ ਇਹ ਭਾਰਤ ਦੀ ਪਹਿਲੀ ਵੈਕਸੀਨ ਹੋਵੇਗੀ। ਜ਼ਿਕਰਯੋਗ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਹੁਣ ਤੱਕ ਦੇ ਸੱਭ ਤੋਂ ਜ਼ਿਆਦਾ ਰਿਕਾਰਡ ਤੋੜ 34,956 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 687 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 10,03,832 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 25,602 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 6,35,757 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਮਾਮਲਿਆਂ ਦੀ ਸੰਖਿਆ 3,42,473 ਹੋ ਗਈ ਹੈ।
