ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਕੋਰੋਨਾ ਵਾਇਰਸ ਲਗਾਤਾਰ ਖਤਰਨਾਕ ਹੁੰਦਾ ਜਾ ਰਿਹਾ ਹੈ। ਕੋਰੋਨਾ ਨੇ ਸੂਬੇ ਵਿਚ ਆਮ ਲੋਕਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਪਣੀ ਚਪੇਟ ਵਿਚ ਲੈਣ ਤੋਂ ਬਾਅਦ ਹੁਣ ਪੰਜਾਬ ਵਜ਼ਾਰਤ ਵਿਚ ਵੀ ਆਪਣੀ ਦਸਤਕ ਦੇ ਦਿੱਤੀ ਹੈ। ਦਰਅਸਲ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।।
ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮੰਤਰੀ ਹਨ ਅਤੇ ਇਸ ਤੋਂ ਪਹਿਲਾਂ ਇਸੇ (ਪੇਂਡੂ ਵਿਕਾਸ ਤੇ ਪੰਚਾਇਤ) ਵਿਭਾਗ ਦੇ ਡਾਇਰੈਕਟਰ ਵਿਪੁਲ ਉਜਵਲ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ ਜਿਸ ਤੋਂ ਬਾਅਦ ਬਾਜਵਾ ਦਾ ਕੋਵਿਡ ਟੈਸਟ ਕੀਤਾ ਗਿਆ ਸੀ ਜੋ ਕਿ ਨੈਗੇਟਿਵ ਆਇਆ ਸੀ ਪਰ ਡਾਕਟਰਾਂ ਨੇ ਉਨ੍ਹਾਂ ਦਾ ਇਕ ਹੋਰ ਟੈਸਟ ਕੀਤਾ ਜਿਸ ਦੀ ਰਿਪੋਰਟ ਬੀਤੀ ਸ਼ਾਮ ਪਾਜ਼ੀਟਿਵ ਆਈ ਹੈ। ਤ੍ਰਿਪਤ ਰਾਜਿੰਦਰ ਬਾਜਵਾ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਦੇ ਵੀ ਸੈਂਪਲ ਲਏ ਜਾ ਰਹੇ ਹਨ ਤਾਂ ਜੋ ਇਸ ਮਹਾਂਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।ਇਸ ਦੇ ਨਾਲ ਹੀ ਬਾਜਵਾ ਦੇ ਘਰ ਨੂੰ ਸੈਨੇਟਾਈਜ ਵੀ ਕੀਤਾ ਜਾ ਰਿਹਾ ਹੈ। ਉੱਥੇ ਹੀ ਬਾਜਵਾ ਦੇ ਕੋਰੋਨਾ ਸੰਕਰਮਿਤ ਪਾਏ ਜਾਣ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ।ਦੱਸ ਦਈਏ ਕਿ ਆਮ ਲੋਕਾਂ ਤੋਂ ਇਲਾਵਾ ਹੁਣ ਤੱਕ ਸੂਬੇ ਵਿਚ 17 ਪੀਸੀਐਸ, 2 ਆਈਏਐਸ ਅਧਿਕਾਰੀ ਅਤੇ ਇਕ ਮੰਤਰੀ ਕੋਰੋਨਾ ਸੰਕਰਮਿਤ ਹੋ ਚੁੱਕੇ ਹਨ।
