ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅਮਰੀਕਾ ਵਿਚ ਪੜਾਈ ਕਰ ਰਹੇ ਵਿਦੇਸ਼ੀ ਵਿਦਿਆਰਥੀਆਂ ਅੱਗੇ ਟਰੰਪ ਪ੍ਰਸ਼ਾਸਨ ਦੇ ਇਕ ਫੈਸਲੇ ਤੋਂ ਬਾਅਦ ਮੁਸੀਬਤਾਂ ਦਾ ਪਹਾੜ ਖੜ੍ਹਾ ਹੋ ਗਿਆ ਹੈ। ਦਰਅਸਲ ਟਰੰਪ ਪ੍ਰਸ਼ਾਸਨ ਨੇ ਇਹ ਆਦੇਸ਼ ਦਿੱਤਾ ਹੈ ਕਿ ਜਿਹੜੇ ਸਕੂਲ ਅਤੇ ਕਾਲਜਾਂ ਵਿਚ ਸਾਰੀਆਂ ਕਲਾਸਾਂ ਆਨਲਾਈਨ ਕਰ ਦਿੱਤੀਆਂ ਗਈਆਂ ਹਨ, ਉੱਥੋਂ ਦੇ ਸਾਰੇ ਵਿਦੇਸ਼ੀ ਵਿਦਿਆਰਥੀਆਂ ਨੂੰ ਅਮਰੀਕਾ ਛੱਡਣਾ ਹੋਵੇਗਾ ਜਾਂ ਦੂਜੇ ਸੰਸਥਾਨਾਂ ਵਿਚ ਤਬਾਦਲਾ ਕਰਵਾਉਣਾ ਹੋਵੇਗਾ। ਇਸ ਫੈਸਲੇ ਦਾ ਅਸਰ ਵੱਡੀ ਗਿਣਤੀ ਵਿਚ ਅਮਰੀਕਾ ‘ਚ ਪੜ੍ਹ ਰਹੇ ਭਾਰਤ ਸਮੇਤ ਕਈ ਦੇਸ਼ਾਂ ਦੇ ਵਿਦਿਆਰਥੀਆਂ ਉੱਤੇ ਪਵੇਗਾ।
ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕਾ ਦੇ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਵਿਭਾਗ ਦੁਆਰਾ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਉਹ ਵਿਦੇਸ਼ੀ ਐਫ-1 ਅਤੇ ਐਮ-1 ਵਿਦਿਆਰਥੀ,ਜਿਨ੍ਹਾਂ ਦੀ ਪੂਰੀ ਕਲਾਸਾਂ ਆਨਲਾਈਨ ਚੱਲ ਰਹੀਆਂ ਹਨ ਉਹ ਅਮਰੀਕਾ ਵਿਚ ਨਹੀਂ ਰਹਿ ਸਕਦੇ। ਆਨਲਾਈਨ ਕੋਰਸ ਦੇ ਲਈ ਦਾਖਲਾ ਲੈਣ ਵਾਲੇ ਵਿਦਿਆਥੀਆਂ ਨੂੰ ਅਮਰੀਕਾ ਛੱਡਣਾ ਪਵੇਗਾ ਜਾਂ ਕੁੱਝ ਹੋਰ ਉਪਾਅ ਕਰਨੇ ਚਾਹੀਦੇ ਹਨ। ਉਦਾਹਰਣ ਲਈ ਤੁਸੀ ਸਕੂਲ ਦਾ ਤਬਾਦਲਾ ਵੀ ਕਰ ਸਕਦੇ ਹੋ। ਰਿਪੋਰਟਾਂ ਅਨੁਸਾਰ ਵਿਭਾਗ ਨੇ ਚੇਤਾਵਨੀ ਦਿੰਦੇ ਹੋਏ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਵਿਦੇਸ਼ੀ ਵਿਦਿਆਰਥੀ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਇਸ ਦੇ ਨਤੀਜ਼ੇ ਭੁਗਤਣੇ ਪੈਣਗੇ। ਇਹ ਕਾਰਵਾਈ ਕੇਵਲ ਇੱਥੋਂ ਹਟਾਉਣ ਤੱਕ ਸੀਮਤ ਨਹੀਂ ਹੈ। ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਆਨਲਾਈਨ ਕੋਰਸ ਚਲਾਉਣ ਵਾਲੇ ਸਕੂਲਾਂ ਅਤੇ ਸੰਸਥਾਨਾਂ ਵਿਚ ਦਾਖਲਾ ਲੈਣ ਲਈ ਵਿਦੇਸ਼ੀ ਵਿਦਿਆਰਥੀਆਂ ਨੂੰ ਵੀਜ਼ਾ ਜਾਰੀ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਯੂਐਸ ਕਸਟਮ ਅਤੇ ਸੀਮਾ ਸੁਰੱਖਿਆ ਵਿਭਾਗ ਇਨ੍ਹਾਂ ਵਿਦਿਆਰਥੀਆਂ ਨੂੰ ਅਮਰੀਕਾ ਵਿਚ ਦਾਖਲ ਹੋਣ ਦੀ ਆਗਿਆ ਦੇਵੇਗਾ। ਦੱਸ ਦਈਏ ਕਿ ਐਫ-1 ਵਿਦਿਆਰਥੀ ਉਹ ਵਿਦਿਆਰਥੀ ਹਨ ਜੋ ਅਕਾਦਮਿਕ ਖੋਜ ਕਰ ਰਹੇ ਹਨ, ਜਦਕਿ ਐਮ-1 ਸ਼੍ਰੇਣੀ ਵਿਚ ਵੋਕੇਸ਼ਨਲ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਰੱਖਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੇ ਚੱਲਦੇ ਅਮਰੀਕਾ ਵਿਚ ਆਨਲਾਈਨ ਕਲਾਸਾਂ ਰਾਹੀਂ ਪੜ੍ਹਾਈ ਹੋ ਰਹੀ ਹੈ ਅਤੇ ਇਸ ਫੈਸਲੇ ਨੂੰ ਅਮਰੀਕਾ ਵਿਚ ਪੜ੍ਹਾਈ ਕਰ ਰਹੇ ਲਗਭਗ 2 ਲੱਖ ਭਾਰਤੀ ਵਿਦਿਆਰਥੀਆਂ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।

