ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਇਕ ਵਾਰ ਫਿਰ ਤੋਂ ਵਿਵਾਦਾਂ ਵਿਚ ਘਿਰਦੀ ਹੋਈ ਨਜ਼ਰ ਆ ਰਹੀ ਹੈ। ਦਰਅਸਲ ਅੱਜ ਵੀਰਵਾਰ ਨੂੰ ਜੇਲ੍ਹ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਮੋਟਰਸਾਇਕਲ ਉੱਤੇ ਸਵਾਰ ਹੋ ਕੇ ਆਏ ਦੋ ਵਿਅਕਤੀ ਜੇਲ੍ਹ ਦੇ ਟਾਵਰ ਉੱਤੋਂ ਇਕ ਲਾਲ ਰੰਗ ਦੇ ਕੱਪੜੇ ਦੀ ਪੋਟਲੀ ਸੁੱਟ ਕੇ ਫਰਾਰ ਹੋ ਗਏ ਪਰ ਜੇਲ੍ਹ ਵਿਚ ਡਿਊਟੀ ‘ਤੇ ਤਾਇਨਾਤ ਸੁਰੱਖਿਆ ਕਰਮੀਆਂ ਨੇ ਜਦੋਂ ਇਸ ਪੋਟਲੀ ਨੂੰ ਖੋਲ੍ਹਿਆ ਤਾਂ ਉਸ ਵਿਚੋਂ ਮੋਬਾਇਲ ਫੋਨਾਂ ਸਮੇਤ ਹੋਰ ਸਮਾਨ ਬਰਾਮਦ ਹੋਇਆ ਹੈ ਜਿਸ ਤੋਂ ਬਾਅਦ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਜਦੋਂ ਮੋਟਰਸਾਇਕਲ ਸਵਾਰ ਦੋ ਵਿਅਕਤੀਆਂ ਨੇ ਟਾਵਰ 7 ਅਤੇ 8 ਉੱਤੋਂ ਇਹ ਲਾਲ ਰੰਗ ਦੇ ਕੱਪੜੇ ਦੀ ਪੋਟਲੀ ਜੇਲ੍ਹ ਵਿਚ ਸੁੱਟੀ ਤਾਂ ਉੱਥੇ ਮੌਜੂਦ ਮੁਲਾਜ਼ਮਾਂ ਨੂੰ ਕਿਸੇ ਚੀਜ਼ ਦੇ ਡਿੱਗਣ ਦੀ ਆਵਾਜ਼ ਆਈ ਜਿਸ ਤੋਂ ਬਾਅਦ ਤਲਾਸ਼ੀ ਲੈਣ ‘ਤੇ ਉਨ੍ਹਾਂ ਨੂੰ ਇਹ ਪੋਟਲੀ ਬਰਾਮਦ ਹੋਈ ਜਿਸ ਵਿਚ 8 ਕੀਪੈਡ ਮੋਬਾਇਲ ਫੋਨ, 1 ਟੱਚ ਮੋਬਾਇਲ, 2 ਲੀਡਾਂ, 1 ਚਾਰਜਰ, 6 ਸਿੱਮ,10 ਜਰਦੇ ਦੀਆਂ ਪੁੜੀਆਂ ਅਤੇ ਬੀੜੀਆਂ ਸਨ। ਇਹ ਪੂਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਵਿਚ ਵੀ ਕੈਦ ਹੋ ਗਈ ਹੈ। ਇਸ ਸੰਬੰਧੀ ਫਿਰੋਜ਼ਪੁਰ ਸਿਟੀ ਦੇ ਐਸਐਚਓ ਮਨੋਜ ਕੁਮਾਰ ਨੇ ਦੱਸਿਆ ਹੈ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਇਹ ਸਾਰਾ ਸਮਾਨ ਕਬਜ਼ੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਲਈ ਪੱਤਰ ਭੇਜਿਆ ਗਿਆ ਹੈ ਜਿਸ ਤੋਂ ਬਾਅਦ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਫਿਰੋਜ਼ਪੁਰ ਜੇਲ੍ਹ ਅਕਸਰ ਹੀ ਕੈਦੀਆਂ ਕੋਲੋ ਮੋਬਾਇਲ ਫੋਨ ਬਰਾਮਦ ਹੋਣ ਕਰਕੇ ਸਵਾਲਾਂ ਦੇ ਘੇਰੇ ਵਿਚ ਬਣੀ ਰਹਿੰਦੀ ਹੈ। ਖੈਰ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਮੁਲਜ਼ਮਾਂ ਨੂੰ ਗਿਰਫਤਾਰ ਕਰਨ ਵਿਚ ਕਦੋਂ ਤੱਕ ਕਾਮਯਾਬ ਹੋ ਪਾਉਂਦੀ ਹੈ।

