ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਗਲਵਾਨ ਘਾਟੀ ਵਿਚ ਹੋਈ ਹਿੰਸਕ ਝੜਪ ਤੋਂ ਬਾਅਦ ਭਾਰਤ ਅਤੇ ਚੀਨ ਵਿਚਾਲੇ ਸਰਹੱਦ ਉੱਤੇ ਤਣਾਅਪੂਰਨ ਸਥਿਤੀ ਬਣੀ ਹੋਈ ਹੈ। ਦੋਵੇਂ ਦੇਸ਼ਾਂ ਵਿਚਾਲੇ ਚੱਲ ਰਹੇ ਸੀਮਾ ਵਿਵਾਦ ਉੱਤੇ ਅਮਰੀਕਾ ਵੀ ਆਪਣੀਆਂ ਤਿੱਖੀਆਂ ਨਜ਼ਰਾਂ ਬਣਾ ਕੇ ਬੈਠਿਆ ਹੈ। ਇਸੇ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਭਾਰਤ ਤੇ ਚੀਨ ਨਾਲ ਗੱਲਬਾਤ ਕਰ ਰਹੇ ਹਨ ਅਤੇ ਸਮੱਸਿਆ ਦਾ ਹੱਲ ਕਰਾਉਣ ਵਿਚ ਮਦਦ ਕਰਨ ਦੀ ਕੋਸ਼ਿਸ਼ ਕਰਨਗੇ।

ਮੀਡੀਆ ਰਿਪੋਰਟਾਂ ਅਨੁਸਾਰ ਸ਼ਨੀਵਾਰ ਸ਼ਾਮ ਆਕਲੈਂਡ ਦੇ ਤੁਲਸਾ ਵਿਚ ਇਕ ਰੈਲੀ ਨੂੰ ਸੰਬੋਧਿਤ ਕਰਨ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਪੱਤਰਕਾਰ ਵਾਰਤਾਂ ਦੌਰਾਨ ਪੁੱਛੇ ਗਏ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ”ਇਹ ਬਹੁਤ ਮੁਸ਼ਕਿਲ ਸਥਿਤੀ ਹੈ। ਅਸੀ ਭਾਰਤ ਨਾਲ ਗੱਲ ਕਰ ਰਹੇ ਹਾਂ। ਅਸੀ ਚੀਨ ਨਾਲ ਗੱਲ ਕਰ ਰਹੇ ਹਾਂ। ਅਸੀ ਉਨ੍ਹਾਂ ਦੀ ਸਮੱਸਿਆਂ ਦਾ ਹੱਲ ਕਰਾਉਣ ਵਿਚ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ”। ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਪਿਛਲੇ ਮਹੀਨੇ ਵੀ ਭਾਰਤ ਅਤੇ ਚੀਨ ਵਿਚਾਲੇ ਚੱਲ ਰਹੇ ਸੀਮਾ ਵਿਵਾਦ ਨੂੰ ਹੱਲ ਕਰਨ ਲਈ ਵਿਚੋਲਗੀ ਕਰਨ ਦੀ ਪੇਸ਼ਕਸ਼ ਕਰ ਚੁੱਕੇ ਹਨ ਪਰ ਟਰੰਪ ਦੀ ਵਿਚੋਲਗੀ ਨੂੰ ਦੋਣਾਂ ਦੇਸ਼ਾਂ ਨੇ ਠੁਕਰਾ ਦਿੱਤਾ ਸੀ।
ਜ਼ਿਕਰਯੋਗ ਹੈ ਕਿ 15-16 ਜੂਨ ਦੀ ਰਾਤ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਭਾਰਤ ਤੇ ਚੀਨੀ ਸੈਨਿਕਾਂ ਵਿਚਾਲੇ ਹਿੰਸਕ ਝੜਪ ਹੋ ਗਈ ਸੀ। ਇਸ ਦੌਰਾਨ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ ਅਤੇ ਉਦੋਂ ਤੋਂ ਹੀ ਦੋਵਾਂ ਦੇਸ਼ਾਂ ਦਰਮਿਆਨ ਸਰਹੱਦ ਉੱਤੇ ਤਣਾਅ ਆਪਣੇ ਚਰਮ ਉੱਤੇ ਹੈ।
