ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ 21 ਜੂਨ ਨੂੰ ਪੂਰੀ ਦੁਨੀਆ ਵਿਚ ਵਿਸ਼ਵ ਯੋਗ ਦਿਵਸ ਮਨਾਇਆ ਜਾ ਰਿਹਾ ਹੈ ਪਰ ਕੋਰੋਨਾ ਸੰਕਟ ਦੇ ਕਾਰਨ ਇਸ ਵਾਰ ਯੋਗ ਦਿਵਸ ਨੂੰ ਮਨਾਉਣ ਲਈ ਡਿਜੀਟਲ ਮਾਧਿਅਮਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉੱਥੇ ਹੀ ਅੱਜ ਐਤਵਾਰ ਨੂੰ ਯੋਗ ਦਿਵਸ ਉੱਤੇ ਪੀਐਮ ਮੋਦੀ ਨੇ ਵੀ ਦੇਸ਼ ਦੇ ਨਾਮ ਸੁਨੇਹਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਯੋਗ, ਏਕਤਾ ਦੀ ਇਕ ਸ਼ਕਤੀ ਦੇ ਰੂਪ ਵਿਚ ਉਭਰਿਆਂ ਹੈ ਅਤੇ ਇਹ ਨਸਲ ਰੰਗ, ਲਿੰਗ, ਧਰਮ ਅਤੇ ਰਾਸ਼ਟਰਾਂ ਦੇ ਅਧਾਰ ਉੱਤੇ ਭੇਦ-ਭਾਵ ਨਹੀਂ ਕਰਦਾ ਹੈ।
ਛੇਵੇ ਅੰਤਰਰਾਸ਼ਟਰੀ ਯੋਗ ਦਿਵਸ ਉੱਤੇ ਬੋਲਦਿਆਂ ਪੀਐਮ ਮੋਦੀ ਨੇ ਕਿਹਾ ਕਿ ਕੋਰੋਨਾ ਵਾਇਰਸ ਵਿਸ਼ਵ ਵਿਆਪੀ ਮਹਾਂਮਾਰੀ ਕਰਕੇ ਦੁਨੀਆਂ ਨੂੰ ਯੋਗ ਦੀ ਜਰੂਰਤ ਪਹਿਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਮਹਿਸੂਸ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਾਡਾ ਇਮਿਊਨਿਟੀ ਸਿਸਟਮ ਮਜ਼ਬੂਤ ਹੈ ਤਾਂ ਇਸ (ਕੋਰੋਨਾ) ਬੀਮਾਰੀ ਨੂੰ ਹਰਾਉਣ ਵਿਚ ਬਹੁਤ ਮਦਦ ਮਿਲੇਗੀ। ਪੀਐਮ ਮੋਦੀ ਅਨੁਸਾਰ ਕੋਵਿਡ19 ਸਾਡੀ ਸਾਂਹ ਪ੍ਰਣਾਲੀ ‘ਤੇ ਹਮਲਾ ਕਰਦਾ ਹੈ ਜੋ ਕਿ ‘ਪ੍ਰਣਾਯਾਮ’ ਜਾਂ ਸਾਂਹ ਲੈਣ ਸੰਬੰਧੀ ਕਸਰਤਾਂ ਨਾਲ ਮਜ਼ਬੂਤ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ”ਯੋਗ ਸਾਡੀ ਇਕ ਸਿਹਤਮੰਦ ਗ੍ਰਹਿ ਪਾਉਣ ਦੀ ਇੱਛਾ ਨੂੰ ਵਧਾਉਂਦਾ ਹੈ। ਇਹ ਏਕਤਾ ਲਈ ਇਕ ਤਾਕਤ ਦੇ ਰੂਪ ਵਿਚ ਉਭਰਿਆ ਹੈ ਅਤੇ ਮਨੁੱਖਤਾ ਦੇ ਬੰਧਨ ਨੂੰ ਗਹਿਰਾ ਕਰਦਾ ਹੈ। ਇਹ ਭੇਦਭਾਵ ਨਹੀਂ ਕਰਦਾ ਅਤੇ ਨਸਲ, ਰੰਗ, ਲਿੰਗ, ਧਰਮ ਅਤੇ ਰਾਸ਼ਟਰਾਂ ਤੋਂ ਪਰ੍ਹੇ ਹੈ। ਇਸ ਨੂੰ ਕੋਈ ਵੀ ਅਪਣਾ ਸਕਦਾ ਹੈ”। ਪੀਐਮ ਮੋਦੀ ਨੇ ਅੱਗੇ ਕਿਹਾ ਕਿ ”ਜੇਕਰ ਅਸੀ ਸਿਹਤ ਅਤੇ ਉਮੀਦ ਵਿਚਾਲੇ ਤਾਲਮੇਲ ਬੈਠਾ ਲੈਣ ਤਾਂ ਉਹ ਦਿਨ ਦੂਰ ਨਹੀਂ ਜਦੋਂ ਵਿਸ਼ਵ ਸਿਹਤ ਅਤੇ ਖੁਸ਼ਹਾਲ ਮਨੁੱਖਤਾ ਦੀ ਸਫਲਤਾ ਦਾ ਗਵਾਹ ਬਣੇਗਾ। ਯੋਗ ਨਿਸ਼ਚਿਤ ਤੌਰ ਉੱਤੇ ਇਸ ਨੂੰ ਸਾਕਾਰ ਕਰਨ ਵਿਚ ਸਾਡੀ ਮਦਦ ਕਰੇਗਾ”।
ਦੱਸ ਦਈਏ ਕਿ ਕੋਰੋਨਾ ਸੰਕਟ ਦੇ ਚੱਲਦਿਆਂ ਲੋਕ ਇਸ ਵਾਰ ਅੰਤਰਰਾਸ਼ਟਰੀ ਯੋਗ ਦਿਵਸ ਵੱਡੇ-ਵੱਡੇ ਗਰੁੱਪਾਂ ਤੋਂ ਬਿਨਾਂ ਡਿਜੀਲਟਲ ਮਾਧਿਅਮਾਂ ਰਾਹੀਂ ਘਰੇ ਹੀ ਮਨਾ ਰਹੇ ਹਨ। ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਨੇ 11 ਦਸੰਬਰ 2014 ਨੂੰ ਇਹ ਐਲਾਨ ਕੀਤਾ ਸੀ ਕਿ ਹਰ ਸਾਲ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਵੇਗਾ।

