ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਜੰਮੂ ਕਸ਼ਮੀਰ ਵਿਚ ਸ਼ਾਂਤੀ ਲਿਆਉਣ ਲਈ ਭਾਰਤੀ ਸੈਨਾ ਨੇ ਅੱਤਵਾਦੀਆਂ ਦੇ ਖਾਤਮੇ ਲਈ ਅਭਿਆਨ ਤੇਜ਼ ਕੀਤਾ ਹੋਇਆ ਹੈ। ਪਿਛਲੇ 32 ਘੰਟਿਆਂ ਵਿਚ ਸ਼ੋਪੀਆ ਅਤੇ ਅਵੰਤੀਪੁਰਾ ਜ਼ਿਲ੍ਹੇ ਵਿਚ ਹੋਈ ਮੁਠਭੇੜ ਦੌਰਾਨ ਸੈਨਾ ਨੇ 8 ਦਹਿਸ਼ਤਗਰਦਾਂ ਨੂੰ ਮਾਰ ਗਿਰਾਇਆ ਹੈ। ਹਾਲਾਂਕਿ ਤਾਲਾਸ਼ੀ ਅਭਿਆਨ ਅਜੇ ਵੀ ਜਾਰੀ ਹੈ।

ਜਾਣਕਾਰੀ ਅਨੁਸਾਰ ਸੁਰੱਖਿਆ ਬਲਾਂ ਨੇ ਸ਼ੋਪੀਆ ਜ਼ਿਲ੍ਹੇ ਦੇ ਮੁਨਾਂਦ ਇਲਾਕੇ ਵਿਚ ਪੰਜ ਅਤੇ ਅਵੰਤੀਪੁਰਾ ਦੇ ਪੰਪੋਰ ਵਿਚ ਤਿੰਨ ਅੱਤਵਾਦੀ ਢੇਰ ਕਰ ਦਿੱਤੇ ਹਨ। ਸ਼ੋਪੀਆ ਵਿਚ ਬੁੱਧਵਾਰ ਦੇਰ ਰਾਤ 12 ਵਜੇ ਦੇ ਕਰੀਬ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਹੋਈ ਸੀ ਅਤੇ ਵੀਰਵਾਰ ਤੱਕ ਇਕ ਅੱਤਵਾਦੀ ਮਾਰਿਆ ਗਿਆ ਸੀ ਪਰ ਅੱਜ ਸ਼ੁੱਕਰਵਾਰ ਸਵੇਰੇ ਸੈਨਾ ਨੇ ਚਾਰ ਹੋਰ ਗਹਿਸ਼ਤਗਰਦਾਂ ਨੂੰ ਢੇਰ ਕਰ ਦਿੱਤਾ ਹੈ। ਉੱਥੇ ਹੀ ਅਵੰਤੀਪੁਰਾ ਜ਼ਿਲ੍ਹੇ ਦੇ ਪੰਪੋਰ ਇਲਾਕੇ ਵਿਚ ਵੀ ਸੁਰੱਖਿਆ ਬਲਾਂ ਨੂੰ ਤਿੰਨ ਅੱਤਵਾਦੀਆਂ ਦੇ ਛਿਪੇ ਹੋਣ ਦੀ ਖਬਰ ਮਿਲੀ ਸੀ ਜਿਸ ਤੋਂ ਬਾਅਦ ਵੀਰਵਾਰ ਤੜਕੇ ਸੈਨਾ ਦੀ 44 ਰਾਸ਼ਟਰੀ ਰਾਇਫਲ, ਐਸਓਜੀ ਅਤੇ ਸੀਆਰਪੀਐਫ ਨੇ ਸਾਂਝਾ ਆਪ੍ਰੇਸ਼ਨ ਸ਼ੁਰੂ ਕਰ ਇਲਾਕੇ ਦੀ ਘੇਰਾਬੰਦੀ ਕੀਤੀ। ਚਾਰੇ ਪਾਸਿਓ ਘਿਰਦਾ ਵੇਖ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਵਿਚ ਇਕ ਅੱਤਵਾਦੀ ਮਾਰਿਆ ਗਿਆ ਪਰ ਹਨੇਰਾ ਹੋ ਜਾਣ ਕਰਕੇ ਆਪ੍ਰੇਸ਼ਨ ਨੂੰ ਰੋਕਣਾ ਪਿਆ। ਇਸ ਦੌਰਾਨ ਦੋ ਅੱਤਵਾਦੀ ਪਾਸ ਦੀ ਇਕ ਮਸਜਿਦ ਵਿਚ ਛਿਪ ਗਏ ਜਿਨ੍ਹਾਂ ਨੂੰ ਸ਼ੁੱਕਰਵਾਰ ਸਵੇਰੇ ਸੁਰੱਖਿਆ ਬਲਾਂ ਨੇ ਮਾਰ ਦਿੱਤਾ ਹੈ। ਇਲਾਕੇ ਵਿਚ ਤਾਲਾਸ਼ੀ ਅਭਿਆਨ ਅਜੇ ਜਾਰੀ ਹੈ। ਮੰਨਿਆ ਜਾ ਰਿਹਾ ਹੈ ਕਿ ਇੱਥੇ ਹੋਰ ਵੀ ਅੱਤਵਾਦੀ ਛਿਪੇ ਹੋ ਸਕਦੇ ਹਨ। ਦੱਸ ਦਈਏ ਕਿ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 100 ਤੋਂ ਵੱਧ ਅੱਤਵਾਦੀ ਮਾਰ ਗਿਰਾਏ ਹਨ।
