ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਸੋਮਵਾਰ ਰਾਤ ਲੱਦਾਖ ਵਿਚ ਹੋਈ ਹਿੰਸਕ ਝੜਪ ਤੋ ਬਾਅਦ ਭਾਰਤ ਵੀ ਹੁਣ ਸਖਤ ਹੁੰਦਾ ਨਜ਼ਰ ਆ ਰਿਹਾ ਹੈ। ਇਕ ਪਾਸੇ ਜਿੱਥੇ ਭਾਰਤ ਦੇ 20 ਜਵਾਨਾਂ ਦੇ ਸ਼ਹੀਦ ਹੋਣ ਤੋਂ ਮਗਰੋਂ ਦੇਸ਼ ਵਿਚ ਚੀਨ ਵਿਰੁੱਧ ਲੋਕਾਂ ਦਾ ਗੁੱਸਾ ਉੱਬਲ ਰਿਹਾ ਹੈ। ਉੱਥੇ ਹੀ ਹੁਣ ਦੂਜੇ ਪਾਸੇ ਸਰਕਾਰ ਨੇ ਵੀ ਭਾਰਤੀ ਸੈਨਾ ਨੂੰ ਸਰਹੱਦ ਉੱਤੇ ਵਿਵਾਦ ਦੇ ਮੱਦੇਨਜ਼ਰ ਖੁੱਲ੍ਹੀ ਛੂਟ ਦੇ ਦਿੱਤੀ ਹੈ ਜਿਸ ਤਹਿਤ ਫੌਜ ਬਾਰਡਰ ਉੱਤੇ ਸਥਿਤੀ ਅਨੁਸਾਰ ਖੁਦ ਫੈਸਲੇ ਲੈ ਸਕਦੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਦੀ ਪੂਰੀ ਕੋਸ਼ਿਸ਼ ਹੈ ਕਿ ਉਹ ਸਰਹੱਦ ਉੱਤੇ ਡਟੇ ਚੀਨੀ ਸੈਨਿਕਾਂ ਨੂੰ ਭਾਰਤੀ ਸੈਨਾ ਦੀ ਮਜ਼ਬੂਤੀ ਦਾ ਪ੍ਰਦਰਸ਼ਨ ਵਿਖਾਇਆ ਜਾਵੇ। ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਨੇ ਫੌਜ ਨੂੰ ਖੁੱਲ੍ਹੀ ਛੂਟ ਦੇ ਦਿੱਤੀ ਹੈ। ਸਰਕਾਰ ਨੇ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਸਰਹੱਦ ਉੱਤੇ ਫੌਜ ਨੂੰ ਸੈਨਿਕਾਂ ਅਤੇ ਹਥਿਆਰਾਂ ਦੀ ਮੌਜੂਦਗੀ ਦਾ ਪੂਰਾ ਅਧਿਕਾਰ ਦੇ ਦਿੱਤਾ ਹੈ। ਸਿੱਧੇ ਸ਼ਬਦਾਂ ਵਿਚ ਕਹੀਏ ਤਾਂ ਸੈਨਾ ਚੀਨੀ ਦੀ ਹਰ ਹਰਕਤ ਦਾ ਜਵਾਬ ਦੇਣ ਲਈ ਐਲਏਸੀ ਉੱਤੇ ਸਥਿਤੀ ਮੁਤਾਬਕ ਖੁਦ ਲੋੜੀਂਦੇ ਕਦਮ ਚੁੱਕ ਸਕੇਗੀ ਅਤੇ ਉਸ ਨੂੰ ਦਿੱਲੀ ਤੋਂ ਆਦੇਸ਼ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਮੰਨਿਆ ਜਾ ਰਿਹਾ ਹੈ ਕਿ ਸਰਹੱਦ ਉੱਤੇ ਸੈਨਿਕਾਂ ਦੀ ਜ਼ਿਆਦਾ ਤਾਇਨਾਤੀ ਤੋਂ ਬਾਅਦ ਗੱਲਬਾਤ ਦੇ ਮੇਜ ਉੱਤੇ ਭਾਰਤ ਦਾ ਪੱਲੜਾ ਚੀਨ ਦੇ ਬਰਾਬਰ ਹੋ ਸਕਦਾ ਹੈ। ਦੱਸ ਦਈਏ ਕਿ ਦੋਵਾਂ ਦੇਸ਼ਾਂ ਵਿਚਾਲੇ ਮਈ ਦੀ ਸ਼ੁਰੂਆਤ ਤੋਂ ਸਰਹੱਦ ਉੱਤੇ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ ਪਰ ਬੀਤੇ ਸੋਮਵਾਰ ਨੂੰ ਇਹ ਤਣਾਅ ਖੂਨੀ ਝੜਪ ਵਿਚ ਬਦਲ ਗਿਆ ਸੀ। ਦੋਵਾਂ ਦੇਸ਼ਾਂ ਦੀਆਂ ਸੈਨਾ ਵਿਚਾਲੇ ਹੋਈ ਹਿੰਸਕ ਝੜਪ ਦੌਰਾਨ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਹਨ ਜਦਕਿ ਚੀਨ ਦੇ ਵੀ 43 ਜਵਾਨਾਂ ਸਮੇਤ ਕਮਾਂਡਿੰਗ ਅਫਸਰ ਦੇ ਮਾਰੇ ਜਾਣ ਦੀ ਖਬtਰ ਹੈ।
