ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਲਾਕਡਾਊਨ ਖਤਮ ਹੋਣ ਅਤੇ ਅਨਲਾਕ-1 ਦੀ ਸ਼ੁਰੂਆਤ ਹੋਣ ਮਗਰੋਂ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਪਰ ਉੱਥੇ ਹੀ ਹੁਣ ਦਿੱਲੀ ਹਾਈਕੋਰਟ ਵਿਚ ਇਕ ਜਨਹਿੱਤ ਪਟੀਸ਼ਨ ਦਾਖਲ ਕਰਕੇ ਰਾਜਧਾਨੀ ਵਿਚ ਲਗਾਤਾਰ ਵੱਧ ਰਹੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੂੰ ਸਖਤੀ ਨਾਲ ਲਾਕਡਾਊਨ ਲਾਗੂ ਕਰਨ ਦਾ ਹੁਕਮ ਦੇਣ ਦੀ ਮੰਗ ਕੀਤੀ ਗਈ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਐਡਵੋਕੇਟ ਅਨਿਰਬਾਨ ਮੰਡਲ ਅਤੇ ਉਨ੍ਹਾਂ ਦੇ ਕਰਮਚਾਰੀ ਪਵਨ ਕੁਮਾਰ ਦੁਆਰਾ ਦਾਖਲ ਕੀਤੀ ਗਈ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਦਿੱਲੀ ਸਰਕਾਰ ਨੇ ਖੁਦ ਸਵਿਕਾਰ ਕੀਤਾ ਹੈ ਕਿ ਰਾਸ਼ਟਰੀ ਰਾਜਧਾਨੀ ਵਿਚ ਜੂਨ ਦੇ ਅੰਤ ਤੱਕ ਲਗਭਗ ਇਕ ਲੱਖ ਕੋਰੋਨਾ ਦੇ ਕੇਸ ਸਾਹਮਣੇ ਆਉਣਗੇ ਅਤੇ ਜੁਲਾਈ ਤੱਕ ਇਹ ਸੰਖਿਆ ਸਾਢੇ 5 ਲੱਖ ਤੱਕ ਜਾਣ ਦੀ ਸੰਭਾਵਨਾ ਹੈ। ਪਟੀਸ਼ਨ ਵਿਚ ਦਿੱਲੀ ਸਰਕਾਰ ਨੂੰ ਇਹ ਨਿਰਦੇਸ਼ ਦੇਣ ਲਈ ਕਿਹਾ ਗਿਆ ਹੈ ਕਿ ਡਾਕਟਰੀ ਮਾਹਰਾਂ ਅਤੇ ਮਹਾਂਮਾਰੀ ਰੋਗ ਮਾਹਰਾਂ ਦੀ ਵਿਸ਼ੇਸ਼ ਕਮੇਟੀ ਦਾ ਗਠਨ ਕਰਨ ਉੱਤੇ ਵਿਚਾਰ ਕਰੇ ਤਾਂ ਜੋ ਸੰਕਰਮਨ ਉੱਤੇ ਕਾਬੂ ਪਾਉਣ ਲਈ ਵਿਸਤ੍ਰਿਤ ਖਾਕਾ ਤਿਆਰ ਕੀਤਾ ਜਾ ਸਕੇ। ਪਟੀਸ਼ਨਰਾਂ ਨੇ ਲਾਕਡਾਊਨ ਲਾਗੂ ਕਰਨ ਦੀ ਬੇਨਤੀ ਕਰਦੇ ਹੋਏ ਕਿਹਾ ਹੈ ਕਿ ਪਹਿਲਾਂ ਲਾਗੂ ਕੀਤੇ ਲਾਕਡਾਊਨ ਦੌਰਾਨ ਸੰਕਰਮਨ ਦੇ ਮਾਮਲੇ ਵੱਧਣ ਦਾ ਦਰ ਘੱਟ ਸੀ। ਰਿਪੋਰਟਾਂ ਅਨੁਸਾਰ ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਹੈ ਕਿ ”ਰਾਸ਼ਟਰੀ ਰਾਜਧਾਨੀ ਵਿਚ ਧਾਰਮਿਕ ਸਥਾਨ, ਮਾਲ ਅਤੇ ਰੈਸਟੋਰੈਂਟ ਖੋਲ੍ਹਣ ਨਾਲ ਕੋਰੋਨਾ ਸੰਕਰਮਨ ਤੇਜ਼ੀ ਨਾਲ ਫੈਲਿਆ ਹੈ ਜਿਸ ਕਰਕੇ ਕੋਰੋਨਾ ਦੇ ਮਾਮਲਿਆਂ ਵਿਚ ਰੋਜ਼ਾਨਾ ਤੇਜ਼ੀ ਆ ਰਹੀ ਹੈ। ਇਸ ਲਈ ਕੋਰਟ ਦਿੱਲੀ ਸਰਕਾਰ ਨੂੰ ਮੁੜ ਤੋਂ ਸਖਤੀ ਨਾਲ ਲਾਕਡਾਊਨ ਲਾਗੂ ਕਰਨ ਦਾ ਆਦੇਸ਼ ਦੇਵੇ”।
ਦੱਸ ਦਈਏ ਕਿ ਦਿੱਲੀ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਕੇ 32,810 ਹੋ ਗਈ ਹੈ ਜਿਨ੍ਹਾਂ ਵਿਚੋਂ 984 ਜਾਨਾਂ ਜਾ ਚੁੱਕੀਆਂ ਹਨ ਜਦਕਿ 12245 ਮਰੀਜ਼ ਠੀਕ ਵੀ ਹੋ ਚੁੱਕੇ ਹਨ ਅਤੇ ਐਕਟਿਵ ਕੇਸਾਂ ਦੀ ਸੰਖਿਆ 19581 ਹੋ ਗਈ ਹੈ।

