ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹਰ ਦਿਨ ਭਾਰਤ ਵਿਚ ਕੋਰੋਨਾ ਤੇਜ਼ੀ ਨਾਲ ਲੋਕਾਂ ਨੂੰ ਆਪਣੀ ਚਪੇਟ ਵਿਚ ਲੈ ਰਿਹਾ ਹੈ। ਉੱਥੇ ਹੀ ਹੁਣ ਪਿਛਲੇ ਸਮੇਂ ਵਿਚ ਕਾਂਗਰਸ ਛੱਡ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਮੱਧ ਪ੍ਰਦੇਸ਼ ਦੇ ਵੱਡੇ ਰਾਜਨੀਤਿਕ ਆਗੂ ਜੋਤੀਰਾਦਿਤਿਆ ਸਿੰਧੀਆ ਅਤੇ ਉਨ੍ਹਾਂ ਦੀ ਮਾਤਾ ਮਾਧਵੀ ਰਾਜੇ ਸਿੰਧਿਆ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ। ਦੋਵੇ ਇਸ ਵੇਲੇ ਇਲਾਜ ਲਈ ਦਿੱਲੀ ਦੇ ਮੈਕਸ ਹਸਪਤਾਲ ਵਿਚ ਦਾਖਲ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਸਿੰਧੀਆ ਦੇ ਗਲੇ ਵਿਚ ਖਰਾਸ਼ ਅਤੇ ਬੁਖਾਰ ਹੋਣ ਤੋਂ ਬਾਅਦ ਉਨ੍ਹਾਂ ਦਾ ਕੋਰੋਨਾ ਟੈਸਟ ਲਿਆ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਸਿੰਧੀਆ ਅਤੇ ਉਨ੍ਹਾਂ ਦੀ ਮਾਂ ਮਾਧਵੀ ਰਾਜੇ ਚਾਰ ਦਿਨ ਪਹਿਲਾਂ ਹੀ ਮੈਕਸ ਹਸਪਤਾਲ ਵਿਚ ਦਾਖਲ ਹੋਏ ਸਨ। ਜੋਤੀਰਾਦਿਤਿਆ ਸਿੰਧੀਆ ਵਿਚ ਕੋਰੋਨਾ ਦੇ ਲੱਛਣ ਵਿਖਾਏ ਦਿੱਤੇ ਸਨ ਪਰ ਉਨ੍ਹਾਂ ਦੀ ਮਾਤਾ ਵਿਚ ਕੋਰੋਨਾ ਦਾ ਕੋਈ ਲੱਛਣ ਨਹੀ ਸੀ ਅਤੇ ਅੱਜ ਦੋਵਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਹਾਲਾਂਕਿ ਇਹ ਨਹੀਂ ਪਤਾ ਚੱਲ ਸਕਿਆ ਹੈ ਕਿ ਦੋਵਾਂ ਨੂੰ ਕੋਰੋਨਾ ਕਿਸ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਹੋਇਆ ਹੈ ਪਰ ਦੋਵਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਉੱਥੇ ਹੀ ਹੁਣ ਦੋਣੋਂ ਮਾਂ-ਪੁੱਤਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ ਕੁਆਰੰਟੀਨ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਰਿਪੋਰਟਾਂ ਮੁਤਾਬਕ ਸਿੰਧੀਆ ਲਾਕਡਾਊਨ ਤੋਂ ਬਾਅਦ ਦਿੱਲੀ ਵਿਚ ਹੀ ਸਨ। ਉਹ ਇੱਥੇ ਆਪਣੇ ਪਰਿਵਾਰ ਨਾਲ ਦਿੱਲੀ ਸਥਿਤ ਆਪਣੇ ਘਰ ਵਿਚ ਹੀ ਰਹਿ ਰਹੇ ਸਨ। ਦੱਸ ਦਈਏ ਕਿ ਹਾਲ ‘ਚ ਹੀ ਜੋਤੀਰਾਦਿਤਿਆ ਸਿੰਧੀਆ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਹਨ ਜਿਸ ਤੋਂ ਬਾਅਦ ਮੱਧ ਪ੍ਰਦੇਸ਼ ਵਿਚ ਕਾਂਗਰਸ ਦੀ ਸਰਕਾਰ ਡਿੱਗ ਗਈ ਸੀ। ਭਾਜਪਾ ਨੇ ਜੋਤੀਰਾਦਿਤਿਆ ਸਿੰਧੀਆ ਨੂੰ ਮੱਧ ਪ੍ਰਦੇਸ਼ ਵਿਚ ਰਾਜ ਸਭਾ ਦੀ ਟਿਕਟ ਵੀ ਦਿੱਤੀ ਹੈ।

