ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਪੂਰੀ ਦੁਨੀਆ ਵਿਚ ਜਾਰੀ ਹੈ। ਅਮਰੀਕਾ ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ ਪਰ ਉੱਥੇ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਮੰਨਣਾ ਹੈ ਕਿ ਜੇਕਰ ਭਾਰਤ ਅਤੇ ਚੀਨ ਵਰਗੇ ਦੇਸ਼ ਜ਼ਿਆਦਾ ਸੰਖਿਆ ਵਿਚ ਕੋਰੋਨਾ ਟੈਸਟਿੰਗ ਕਰਨ ਤਾਂ ਉਨ੍ਹਾਂ ਦੇ ਇੱਥੇ ਕੋਰੋਨਾ ਦੇ ਕੇਸ ਅਮਰੀਕਾ ਤੋਂ ਵੀ ਵੱਧ ਹੋਣਗੇ।
ਸਿਹਤ ਮੰਤਰਾਲੇ ਮੁਤਾਬਕ ਭਾਰਤ ਵਿਚ ਹੁਣ ਤੱਕ 40 ਲੱਖ ਕੋਰੋਨਾ ਸੈਂਪਲਾਂ ਦੀ ਜਾਂਚ ਹੋ ਚੁੱਕੀ ਹੈ।ਮੀਡੀਆ ਰਿਪੋਰਟਾਂ ਅਨੁਸਾਰ ਰਾਸ਼ਟਰਪਤੀ ਟਰੰਪ ਨੇ ਅਮਰੀਕਾ ਵਿਚ ਕੋਵਿਡ-19 ਜਾਂਚ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਨੂੰ ਯਾਦ ਰੱਖੋ ਜੇਕਰ ਤੁਸੀ ਜ਼ਿਆਦਾ ਜਾਂਚ ਕਰੋਗੇ ਤਾਂ ਤੁਹਾਡੇ ਇੱਥੇ ਜ਼ਿਆਦਾ ਮਾਮਲੇ ਆਉਣਗੇ। ਟਰੰਪ ਨੇ ਅੱਗੇ ਕਿਹਾ ਕਿ ”ਮੈ ਆਪਣੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਹਾਡੇ ਇੱਥੇ ਜ਼ਿਆਦਾ ਮਾਮਲੇ ਇਸ ਲਈ ਹਨ ਕਿਉਂਕਿ ਇੱਥੇ ਜ਼ਿਆਦਾ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਚੀਨ, ਭਾਰਤ ਜਾਂ ਹੋਰ ਦੇਸ਼ ਵਿਚ ਕੋਰੋਨਾ ਦੀ ਵੱਧ ਤੋਂ ਵੱਧ ਜਾਂਚ ਕੀਤੀ ਜਾਵੇ ਤਾਂ ਮੈ ਤੁਹਾਨੂੰ ਭਰੋਸਾ ਦਿਲਾਉਂਦਾ ਹਾਂ ਕਿ ਉੱਥੇ ਜ਼ਿਆਦਾ ਮਾਮਲੇ ਹੋਣਗੇ”। ਟਰੰਪ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਅਮਰੀਕਾ ਵਿਚ ਹੁਣ ਤੱਕ ਦੋ ਕਰੋੜ ਲੋਕਾਂ ਦੀ ਕੋਰੋਨਾ ਜਾਂਚ ਹੋ ਚੁੱਕੀ ਹੈ ਜਦਕਿ ਅਮਰੀਕਾ ਦੀ ਤੁਲਨਾ ਵਿਚ ਜਰਮਨੀ ਨੇ 40 ਲੱਖ ਅਤੇ ਦੱਖਣੀ ਕੋਰੀਆ ਨੇ ਲਗਭਗ 30 ਲੱਖ ਲੋਕਾਂ ਦੀ ਜਾਂਚ ਕੀਤੀ ਹੈ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਅਮਰੀਕਾ ਵਿਚ ਇਸ ਵੇਲੇ ਕੋਰੋਨਾ ਦੇ ਮਾਮਲੇ 1,965,708 ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ 111,390 ਕੋਰੋਨਾ ਪੀੜਤ ਦੀ ਜਾਨ ਜਾ ਚੁੱਕੀ ਹੈ ਜਦਕਿ 738,646 ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ। ਉੱਥੇ ਹੀ ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਹੁਣ ਤੱਕ ਦੇ ਸੱਭ ਤੋਂ ਵੱਧ 9887ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 294 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ 236,657 ਹੋ ਗਈ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ 6642 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 114,073 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਗਿਣਤੀ 115,942 ਹੋ ਗਈ ਹੈ।

