ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੇਂਦਰ ਸਰਕਾਰ ਨੇ 8 ਜੂਨ ਤੋਂ ਅਨਲਾਕ 1 ਦੇ ਤਹਿਤ ਧਾਰਮਿਕ ਅਸਥਾਨ,ਮੋਲ, ਹੋਟਲ ਅਤੇ ਰੈਸਟੋਰੈਂਟ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ ਜਿਸ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਜਾ ਚੁੱਕੇ ਹਨ ਪਰ ਉੱਥੇ ਹੀ ਅੱਜ ਸ਼ਨਿਵਾਰ ਨੂੰ ਪੰਜਾਬ ਸਰਕਾਰ ਨੇ ਇਨ੍ਹਾਂ ਵਿਚ ਕੁੱਝ ਬਦਲਾਅ ਕਰਦੇ ਹੋਏ ਸੂਬੇ ਵਿਚ ਰੈਸਟੋਰੈਂਟ ਖੋਲ੍ਹਣ ਉੱਤੇ ਅਜੇ ਰੋਕ ਲਗਾ ਦਿੱਤੀ ਹੈ ਅਤੇ ਹੋਟਲ, ਧਾਰਮਿਕ ਸਥਾਨਾਂ ਤੇ ਮੋਲਜ਼ ਲਈ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।
ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਬੇ ਵਿਚ ਸਵੇਰੇ 5 ਵਜੇ ਤੋਂ ਰਾਤ 8 ਵਜੇ ਤੱਕ ਧਾਰਮਿਕ ਅਸਥਾਨ ਖੁੱਲ੍ਹਣਗੇ ਪਰ ਇਸ ਦੌਰਾਨ ਲੰਗਰ ਅਤੇ ਪ੍ਰਸਾਦ ਨਹੀਂ ਵਰਤਾਇਆ ਜਾਵੇਗਾ। ਇਸ ਤੋਂ ਇਲਾਵਾ ਇਕ ਸਮੇਂ ਵਿਚ 20 ਤੋਂ ਵੱਧ ਸ਼ਰਧਾਲੂ ਇੱਕਠੇ ਨਹੀਂ ਹੋਣਗੇ। ਉੱਥੇ ਹੀ ਪੰਜਾਬ ਵਿਚ ਰੈਸਟੋਰੈਂਟ ਖੋਲ੍ਹਣ ਉੱਤੇ ਅਜੇ ਮਨ੍ਹਾਈ ਹੈ ਪਰ ਹੋਮ ਡਿਲਵਰੀ ਜਾਰੀ ਰਹੇਗੀ ਭਾਵ ਲੋਕ ਰੈਸਟੋਰੈਂਟਾ ਵਿਚ ਬੈਠ ਕੇ ਖਾਣਾ ਨਹੀਂ ਖਾ ਸਕਣਗੇ। ਸਰਕਾਰ ਦੁਆਰਾ 15 ਜੂਨ ਨੂੰ ਰੈਸਟੋਰੈਂਟ ਖੋਲ੍ਹਣ ਬਾਰੇ ਮੁੜ ਤੋਂ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਰਕਾਰ ਨੇ ਹੋਟਲਾਂ ਨੂੰ ਵੀ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ ਪਰ ਹੋਟਲਾਂ ਵਿਚ ਰਹਿਣ ਵਾਲੇ ਲੋਕਾਂ ਦੇ ਖਾਣ -ਪੀਣ ਦਾ ਪ੍ਰਬੰਧ ਉਨ੍ਹਾਂ ਦੇ ਕਮਰਿਆਂ ਵਿਚ ਹੀ ਕੀਤਾ ਜਾਵੇਗਾ। ਉੱਥੇ ਹੀ ਮੋਲਜ਼ ਵੀ 8 ਜੂਨ ਤੋਂ ਖੋਲ੍ਹੇ ਜਾਣਗੇ ਪਰ ਇੱਥੇ ਵੀ ਕੁੱਝ ਸ਼ਰਤਾ ਲਾਗੂ ਕੀਤੀਆਂ ਗਈਆਂ ਹਨ ਜਿਸ ਮੁਤਾਬਕ ਲਿਫਟ ਦੇ ਚੱਲਣ ਉੱਤੇ ਰੋਕ ਲਗਾਈ ਗਈ ਹੈ।ਕੇਵਲ ਐਮਰਜੈਂਸੀ ਦੌਰਾਨ ਹੀ ਲਿਫਟ ਚੱਲ ਸਕੇਗੀ। ਲਿਫਟ ਦੀ ਥਾਂ ਐਸਕੀਲੇਟਰ ਦੀ ਵਰਤੋ ਹੋਵੇਗੀ। ਇਸ ਤੋਂ ਇਲਾਵਾ ਮੋਲਜ਼ ਵਿਚ ਕੱਪੜਿਆਂ ਦਾ ਟ੍ਰਾਇਲ ਨਹੀਂ ਕੀਤਾ ਜਾਵੇਗਾ ਕਿਉਂ ਇਸ ਦੇ ਨਾਲ ਕੋਰੋਨਾ ਦੇ ਫੈਲਣ ਦਾ ਖਤਰਾ ਹੈ। ਉੱਥੇ ਹੀ ਮੋਲਜ਼ ਵਿਚ ਫੂਡ ਕੋਰਟ ਖੋਲ੍ਹਣ ਉੱਤੇ ਵੀ ਪਾਬੰਦੀ ਲਗਾਈ ਗਈ ਹੈ। ਇਨ੍ਹਾਂ ਸੱਭ ਥਾਵਾਂ ਉੱਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਅਤੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।

