ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਪਰ ਕੋਰੋਨਾ ਸੰਕਟ ਵਿਚ ਵਿਸ਼ਵ ਬੈਂਕ ਨੇ ਭਾਰਤ ਨੂੰ ਇਕ ਵੱਡੀ ਰਾਹਤ ਦਿੱਤੀ ਹੈ। ਦਰਅਸਲ ਵਿਸ਼ਵ ਬੈਂਕ ਨੇ ਅੱਜ ਸ਼ੁੱਕਰਵਾਰ ਨੂੰ ਦੇਸ਼ ਵਿਚ ਸਰਕਾਰ ਨਾਲ ਜੁੜੇ ਪ੍ਰੋਗਰਾਮਾਂ ਲਈ 1 ਬਿਲੀਅਨ ਡਾਲਰ ਦੇ ਸਮਾਜਿਕ ਸੁਰੱਖਿਆ ਪੈਕੇਜ ਦਾ ਐਲਾਨ ਕੀਤਾ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਬੈਂਕ ਨੇ ਸ਼ਹਿਰੀ ਗਰੀਬ ਅਤੇ ਪ੍ਰਵਾਸੀ ਮਜਦੂਰਾਂ ਲਈ ਟੈਕਨੋਲੋਜੀ ਨਾਲ ਸਬੰਧਿਤ ਯੋਜਨਾਵਾਂ ਵਿਚ ਸਰਕਾਰ ਦੀ ਸਹਾਇਤਾ ਲਈ ਸਮਾਜਿਕ ਸੁਰੱਖਿਆ ਫੰਡ ਵਜੋਂ ਮੰਜੂਰੀ ਦੇ ਦਿੱਤੀ ਹੈ।ਬੈਂਕ ਨੇ ਕਿਹਾ ਕਿ ਇਹ ਭਾਰਤ ਨੂੰ ਆਪਣੀਆਂ 400 ਤੋਂ ਵੱਧ ਸਮਾਜਿਕ ਸੁਰੱਖਿਆ ਯੋਜਨਾਵਾਂ ਨੂੰ ਤਕਨਾਲੋਜੀ ਦੇ ਪੱਧਰ ਤੇ ਏਕੀਕ੍ਰਿਤ ਕਰਨ ਦੇ ਸਮਰੱਥ ਹੋਵੇਗਾ। ਵਿਸ਼ਵ ਬੈਂਕ ਦੇ ਦੇਸ਼ ਨਿਰਦੇਸ਼ਕ ਜੁਨੈਦ ਅਹਿਮਦ ਨੇ ਕਿਹਾ ਕਿ ”ਇਹ ਪ੍ਰੋਜੈਕਟ ਸ਼ਹਿਰੀ ਗਰੀਬਾਂ ਦੇ ਪ੍ਰਤੀ ਸਮਾਜਿਕ ਸੁਰੱਖਿਆ ਨੂੰ ਸੁੰਤਲਿਤ ਕਰਨ ਲਈ ਮਹੱਤਵਪੂਰਨ ਹੋਵੇਗਾ ਅਤੇ ਮੈਨੂੰ ਲੱਗਦਾ ਹੈ ਕਿ ਪੀਐਮ ਦਾ ਆਤਮਨਿਰਭਰ ਮਿਸ਼ਨ ਦਿਸ਼ਾਵਾਂ ਦੇ ਲਿਹਾਜ ਨਾਲ ਬਹੁਤ ਮਹੱਤਵਪੂਰਨ ਹੈ”। ਰਿਪੋਰਟਾਂ ਮੁਤਾਬਕ ਇਕ ਬਿਲੀਅਨ ਡਾਲਰ (ਲਗਭਗ 7600 ਕਰੋੜ) ਸਮਾਜਿਕ ਸੁਰੱਖਿਆ ਪੈਕੇਜ ਦੀ ਵਰਤੋਂ ਕੋਰੋਨਾ ਮਰੀਜ਼ਾਂ ਦੇ ਵਧੀਆ ਇਲਾਜ, ਕੋਵਿਡ-19 ਹਸਪਤਾਲ ਦੇ ਨਵੀਨੀਕਰਨ ਅਤੇ ਲੈਬ ਨੂੰ ਬਣਾਉਣ ਵਿਚ ਵੀ ਕੀਤੀ ਜਾ ਸਕਦੀ ਹੈ।ਇਸ ਤੋਂ ਪਹਿਲਾਂ ਬ੍ਰਿਕਸ ਦੇਸ਼ਾਂ ਦੇ ਨਿਊ ਡਿਵਲੈਪਮੈਂਟ ਬੈਂਕ ਨੇ ਵੀ ਭਾਰਤ ਨੂੰ ਇਕ ਅਰਬ ਡਾਲਰ ਦੀ ਐਮਰਜੈਂਸੀ ਸਹਾਇਤਾ ਦਾ ਐਲਾਨ ਕੀਤਾ ਸੀ। ਉਸ ਦਾ ਕਹਿਣਾ ਸੀ ਕਿ ਇਹ ਲੋਨ ਇਸ ਲਈ ਦਿੱਤਾ ਜਾ ਰਿਹਾ ਹੈ ਤਾਂਕਿ ਭਾਰਤ ਨੂੰ ਕੋਵਿਡ-19 ਨੂੰ ਫੈਲਣ ਨੂੰ ਰੋਕਣ ਵਿਚ ਮਦਦ ਮਿਲੇ ਅਤੇ ਕੋਰੋਨਾ ਮਹਾਮਾਰੀ ਤੋਂ ਹੋਣ ਵਾਲੇ ਮਨੁੱਖੀ, ਸਮਾਜਿਕ ਅਤੇ ਆਰਥਿਕ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ।

