ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਵੈਸੇ ਤਾਂ ਦੇਸ਼ ਦੇ ਲਗਭਗ ਸਾਰੇ ਸੂਬੇ ਕੋਰੋਨਾ ਦੀ ਚਪੇਟ ਵਿਚ ਆਏ ਹੋਏ ਹਨ ਪਰ ਮਹਾਰਾਸ਼ਟਰ ਸੂਬਾ ਕੋਰੋਨਾ ਮਹਾਮਾਰੀ ਨਾਲ ਸੱਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਦਰਅਸਲ ਇੱਥੇ ਕੋਰਨਾ ਦੇ ਕੇਸਾਂ ਦੀ ਗਿਣਤੀ 26 ਹਜ਼ਾਰ ਤੱਕ ਪਹੁੰਚਣ ਵਾਲੀ ਹੈ ਪਰ ਇਸ ‘ਚ ਚਿੰਤਾ ਵਾਲੀ ਗੱਲ ਇਹ ਹੈ ਕਿ ਕੋਰੋਨਾ ਸੰਕਟ ਦੌਰਾਨ ਦਿਨ-ਰਾਤ ਡਿਊਟੀ ਦੇ ਰਹੇ ਮਹਾਰਾਸ਼ਟਰ ਦੇ 1000 ਤੋਂ ਵੱਧ ਪੁਲਿਸ ਮੁਲਾਜ਼ਮ ਕੋਰੋਨਾ ਸੰਕਰਮਨ ਦਾ ਸ਼ਿਕਾਰ ਹੋ ਚੁੱਕੇ ਹਨ ਜਿਨ੍ਹਾਂ ਵਿਚ 100 ਤੋਂ ਵੱਧ ਪੁਲਿਸ ਅਧਿਕਾਰੀ ਸ਼ਾਮਲ ਹਨ ।
ਮੀਡੀਆ ਰਿਪੋਰਟਾਂ ਅਨੁਸਾਰ ਮਹਾਰਾਸ਼ਟਰ ਪੁਲਿਸ ਦੇ ਹੁਣ ਤੱਕ 1001 ਮੁਲਾਜ਼ਮ ਕੋਰੋਨਾ ਨਾਲ ਪੀੜਤ ਪਾਏ ਗਏ ਹਨ। ਇਨ੍ਹਾਂ ਵਿਚ 107 ਵੱਡੇ ਪੁਲਿਸ ਅਧਿਕਾਰੀ ਅਤੇ 894 ਪੁਲਿਸਕਰਮੀ ਸ਼ਾਮਲ ਹਨ। ਉੱਥੇ ਹੀ 18 ਪੁਲਿਸ ਅਧਿਕਾਰੀ ਅਤੇ 124 ਪੁਲਿਸ ਦੇ ਜਵਾਨਾਂ ਨੂੰ ਮਿਲਾ ਕੇ ਕੁੱਲ 142 ਪੁਲਿਸਕਰਮੀ ਕੋਰੋਨਾ ਤੋਂ ਜੰਗ ਜਿੱਤ ਕੇ ਸਿਹਤਯਾਬ ਹੋ ਚੁੱਕੇ ਹਨ ਜਦਕਿ 8 ਜਵਾਨਾਂ ਦੀ ਮੌਤ ਵੀ ਹੋ ਚੁੱਕੀ ਹੈ। ਇੰਨਾ ਹੀ ਨਹੀਂ ਰਿਪੋਰਟਾਂ ਦੀ ਮੰਨੀਏ ਤਾਂ ਲਾਕਡਾਊਨ ਵਿਚਾਲੇ ਮਹਾਰਾਸ਼ਟਰ ਪੁਲਿਸ ਉੱਤੇ ਹੁਣ ਤੱਕ 218 ਹਮਲੇ ਵੀ ਹੋ ਚੁੱਕੇ ਹਨ ਜਿਨ੍ਹਾਂ ਵਿਚ 83 ਪੁਲਿਸਕਰਮੀ ਜਖ਼ਮੀ ਹੋਏ ਹਨ। ਪੁਲਿਸ ਨੇ ਇਨ੍ਹਾਂ ਮਾਮਲਿਆਂ ਵਿਚ 770 ਲੋਕਾਂ ਨੂੰ ਗਿਰਫ਼ਤਾਰ ਵੀ ਕੀਤਾ ਹੈ। ਦੱਸ ਦਈਏ ਕਿ ਮਹਾਰਾਸ਼ਟਰ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 25,922 ਹੋ ਚੁੱਕੀ ਹੈ। ਦੇਸ਼ ਵਿਚ ਹੁਣ ਤੱਕ ਜਿੰਨੇ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ਉਨ੍ਹਾਂ ਵਿਚੋਂ ਲਗਭਗ ਇਕ ਤਿਹਾਈ ਇੱਕਲੇ ਮਹਾਰਾਸ਼ਟਰ ਵਿਚੋਂ ਹੀ ਹਨ। ਇਸ ਤੋਂ ਇਲਾਵਾ 975 ਕੋਰੋਨਾ ਪੀੜਤਾਂ ਦੀ ਮੌਤ ਵੀ ਹੋ ਚੁੱਕੀ ਹੈ।

