ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਮਾਰੀ ਭਾਰਤ ਵਿਚ ਵੀ ਆਪਣੇ ਪੈਰ ਜਮਾ ਚੁੱਕੀ ਹੈ।ਕੋਰੋਨਾ ਵਾਇਰਸ ਦਾ ਸ਼ਿਕਾਰ ਹਰ ਆਮ ਤੋਂ ਖਾਸ ਵਿਅਕਤੀ ਹੋਇਆ ਹੈ। ਹੁਣ ਇਸ ਜਾਨਲੇਵਾ ਮਹਾਮਾਰੀ ਨੇ ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਦੇ ਇਕ ਕਰਮਚਾਰੀ ਨੂੰ ਵੀ ਆਪਣੀ ਚਪੇਟ ਵਿਚ ਲੈ ਲਿਆ ਹੈ ਜਿਸ ਤੋਂ ਬਾਅਦ ਦਿੱਲੀ ਦੇ ਅਸ਼ੋਕ ਰੋਡ ‘ਤੇ ਸਥਿਤ ਏਅਰ ਇੰਡੀਆਂ ਦੇ ਮੁੱਖ ਦਫ਼ਤਰ ਨੂੰ ਸੀਲ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਏਅਰ ਇੰਡੀਆ ਦੇ ਕਮਰਸ਼ੀਅਲ ਡਿਪਾਰਟਮੈਂਟ ਦਾ ਇਕ ਕਰਮਚਾਰੀ ਬੀਤੇ ਸੋਮਵਾਰ ਨੂੰ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ ਜਿਸ ਤੋਂ ਬਾਅਦ ਏਅਰ ਇੰਡੀਆ ਦੇ ਹੈੱਡਕੁਆਰਟਰ ਨੂੰ ਪੂਰੀ ਤਰ੍ਹਾ ਸੀਲ ਕਰਕੇ ਸੈਨਾਟਾਈਜ਼ ਕੀਤਾ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਕੋਰੋਨਾ ਪੀੜਤ ਕਰਮਚਾਰੀ ਜਨਰਲ ਮੈਨੇਜਰ ਦੇ ਦਫ਼ਤਰ ਨਾਲ ਜੁੜਿਆ ਹੋਇਆ ਸੀ। ਉਸ ਦੀ ਕੁੱਝ ਦਿਨ ਪਹਿਲਾਂ ਸਿਹਤ ਖਰਾਬ ਹੋਈ ਸੀ ਜਿਸ ਤੋਂ ਬਾਅਦ ਉਸ ਨੂੰ ਹੋਮ ਕੁਆਰੰਟਿੰਨ ਕਰ ਦਿੱਤਾ ਗਿਆ ਪਰ ਜਦੋਂ ਉਸ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਤਾਂ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ ਜਿਸ ਤੋਂ ਬਾਅਦ ਇਸ ਕਰਮਚਾਰੀ ਦੇ ਸੰਪਰਕ ਵਿਚ ਆਉਣ ਵਾਲੇ ਬਾਕੀ ਏਅਰ ਇੰਡੀਆ ਦੇ ਕਰਮਚਾਰੀਆਂ ਦੀ ਵੀ ਪਹਿਚਾਣ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਵੀ ਹੋਮ ਕੁਆਰੰਟਿੰਨ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਕੋਰੋਨਾ ਵਾਇਰਸ ਦਾ ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਏਅਰ ਇੰਡੀਆਂ ਪੀਐਮ ਮੋਦੀ ਦੇ ਮਿਸ਼ਨ ਵੰਦੇ ਭਾਰਤ ਤਹਿਤ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਦੇਸ਼ ਵਾਪਸ ਲਿਆਉਣ ‘ਚ ਲੱਗੀ ਹੋਈ ਹੈ ਅਤੇ ਵੱਡੀ ਗਿਣਤੀ ਵਿਚ ਭਾਰਤੀਆਂ ਨੂੰ ਵਾਪਸ ਵੀ ਲਿਆਇਆ ਜਾ ਚੁੱਕਾ ਹੈ। ਇਸ ਮਿਸ਼ਨ ਵਿਚ ਕਮਰਸ਼ੀਅਲ ਫਲਾਇਟਾਂ ਦੀ ਮਹੱਤਵਪੂਰਨ ਭੂਮਿਕਾ ਹੈ ਜਿਸ ਕਰਕੇ ਵਿਭਾਗ ਦੇ ਜ਼ਿਆਦਾਤਰ ਕਰਮਚਾਰੀ ਇਨ੍ਹਾਂ ਦਿਨਾਂ ਵਿਚ ਦਫ਼ਤਰ ਆ ਰਹੇ ਸਨ।

