ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਵਿਚ ਕੋਰੋਨਾ ਦੇ ਮੱਦੇਨਜ਼ਰ 24 ਮਾਰਚ ਨੂੰ ਲਾਕਡਾਊਨ ਕਰਨ ਦਾ ਐਲਾਨ ਕੀਤਾ ਗਿਆ ਸੀ ਅਤੇ ਉਦੋਂ ਤੋਂ ਹੀ ਯਾਤਰੀ ਟ੍ਰੇਨ ਸੇਵਾ ਬੰਦ ਪਈ ਹੈ ਜੋ ਕਿ ਹੁਣ ਭਲਕੇ ਮੰਗਲਾਵਰ ਤੋਂ ਸ਼ੁਰੂ ਹੋ ਜਾਵੇਗੀ। ਦਰਅਸਲ ਰੇਲਵੇ ਨੇ ਰਾਜਧਾਨੀ ਦਿੱਲੀ ਤੋਂ ਕੁੱਝ ਸਪੈਸ਼ਲ ਟਰੇਨਾਂ ਚਲਾਉਣ ਦਾ ਐਲਾਨ ਕੀਤਾ ਹੈ ਜਿਸ ਦੇ ਲਈ ਅੱਜ ਤੋਂ ਟਿਕਟ ਬੁਕਿੰਗ ਸ਼ੁਰੂ ਹੋ ਜਾਵੇਗੀ।
ਭਾਰਤੀ ਰੇਲਵੇ ਨੇ ਦਿੱਲੀ ਤੋਂ 15 ਟਰੇਨਾਂ ਚਲਾਉਣ ਦਾ ਫ਼ੈਸਲਾ ਕੀਤਾ ਹੈ ਜੋ ਕਿ ਡਿਬਰੂਗਡ, ਅਗਰਤਲਾ, ਹਾਵੜਾ, ਪਟਨਾ, ਬਿਲਾਸਪੁਰ, ਰਾਂਚੀ, ਭੂਵਨੇਸ਼ਵਰ, ਸਿਕੰਦਰਾਬਾਦ, ਬੈਂਗਲੁਰੂ,ਚੇਨੰਈ, ਤਿਰੁਵਨਤਪੁਰਮ, ਮੜਗਾਂਵ, ਮੁੰਬਈ ਸੈਂਟਰਲ, ਅਹਿਮਦਾਬਾਦ ਅਤੇ ਜੰਮੂ ਤਵੀ ਦੇ ਲਈ ਚੱਲਣਗੀਆਂ ਜਿਨ੍ਹਾਂ ਲਈ ਟਿਕਟ ਬੁਕਿੰਗ ਅੱਜ ਸ਼ਾਮ 4 ਵਜੇ ਤੋਂ ਸ਼ੁਰੂ ਹੋ ਜਾਵੇਗੀ। ਟਿਕਟ ਰੇਲਵੇ ਸਟੇਸ਼ਨ ਦੇ ਕਾਊਂਟਰ ਉੱਤੇ ਨਹੀਂ ਮਿਲੇਗੀ ਬਲਕਿ ਇਸ ਨੂੰ ਆਈਆਰਸੀਟੀਸੀ ਦੀ ਵੈਬਸਾਈਟ www.irctc.co.in ਉੱਤੇ ਆਨਲਾਈਨ ਹੀ ਖਰੀਦਿਆ ਜਾ ਸਕੇਗਾ। ਇਹ ਸਾਰੀਆਂ ਟਰੇਨਾਂ ਏਸੀ ਕੋਚਾਂ ਦੇ ਨਾਲ ਚੱਲਣਗੀਆਂ ਜਿਸ ਕਰਕੇ ਟਿਕਟ ਪਹਿਲਾਂ ਨਾਲੋਂ ਕੁੱਝ ਮਹਿੰਗੇ ਹੋਣਗੇ। ਟਰੇਨ ਰਸਤੇ ਵਿਚ ਹਰ ਸਟੋਪੇਜ ਉੱਤੇ ਨਹੀਂ ਰੁਕਣਗੀਆਂ ਬਲਕਿ ਚੁਣੇ ਹੋਏ ਸਟੋਪੇਜ ਉੱਤੇ ਇਨ੍ਹਾਂ ਨੂੰ ਰੋਕਿਆ ਜਾਵੇਗਾ ਜਿਸ ਦੀ ਜਾਣਕਾਰੀ ਟਿਕਗ ਬੁਕਿੰਗ ਦੌਰਾਨ ਹੀ ਮਿਲ ਜਾਵੇਗੀ। ਇਹ ਟਰੇਨਾਂ ਰੋਜ਼ਾਨਾ ਨਹੀਂ ਚੱਲਣਗੀਆਂ ਬਲਕਿ ਇਸ ਦੇ ਸ਼ਿਡੀਊਲ ਬਾਰੇ ਸਮੇਂ-ਸਮੇ ਉੱਤੇ ਜਾਣਕਾਰੀ ਦਿੱਤੀ ਜਾਵੇਗੀ। ਟਰੇਨ ਵਿਚ ਸਫ਼ਰ ਦੌਰਾਨ ਕੋਰੋਨਾ ਦੇ ਮੱਦੇਨਜ਼ਰ ਨਿਯਮਾਂ ਦਾ ਖਾਸ ਖਿਆਲ ਰੱਖਣਾ ਹੋਵੇਗਾ ਜਿਵੇਂ ਕਿ ਮੂੰਹ ਤੇ ਮਾਸਕ ਪਹਿਨਣਾ ਜਰੂਰੀ ਹੋਵੇਗਾ ਅਤੇ ਯਾਤਰੀਆਂ ਦੀ ਸਕਰੀਨਿੰਗ ਵੀ ਕਰਵਾਈ ਜਾਵੇਗੀ। ਜੇਕਰ ਕਿਸੇ ਯਾਤਰੀ ਵਿਚ ਫਲੂ ਦੇ ਲੱਛਣ ਪਾਏ ਜਾਂਦੇ ਹਨ ਤਾਂ ਉਸ ਨੂੰ ਯਾਤਰਾ ਨਹੀਂ ਕਰਨ ਦਿੱਤੀ ਜਾਵੇਗੀ।
