ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਉੱਥੇ ਹੀ ਕੋਰੋਨਾ ਦੀ ਚਪੇਟ ਵਿਚ ਆਉਣ ਕਰਕੇ ਆਪਣੀ ਜਾਨ ਗਵਾਉਣ ਵਾਲੇ ਦਿੱਲੀ ਪੁਲਿਸ ਦੇ ਕਾਂਸਟੇਬਲ ਅਮਿਤ ਰਾਣਾ ਦੇ ਪਰਿਵਾਰਕ ਮੈਂਬਰ ਵੀ ਹੁਣ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ।
ਜਾਣਕਾਰੀ ਅਨੁਸਾਰ ਕਾਂਸਟੇਬਲ ਅਮਿਤ ਦੀ ਪਤਨੀ ਅਤੇ ਉਸਦਾ ਤਿੰਨ ਸਾਲ ਦਾ ਬੱਚਾ ਜੋ ਕਿ ਸੋਨੀਪਤ ਵਿਚ ਰਹਿੰਦੇ ਹਨ ਉਨ੍ਹਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਉਹ ਇਸ ਵੇਲੇ ਸੋਨੀਪਤ ਪ੍ਰਸ਼ਾਸਨ ਦੀ ਦੇਖ-ਰੇਖ ਵਿਚ ਹਨ। ਦੱਸ ਦਈਏ ਕਿ ਕਾਂਸਟੇਬਲ ਅਮਿਤ ਦੀ ਮੌਤ ਬੀਤੀ 6 ਮਈ ਨੂੰ ਦਿੱਲੀ ਦੇ ਆਰਐਮਐਲ ਹਸਪਤਾਲ ਵਿਚ ਹੋਈ ਸੀ ਉਨ੍ਹਾਂ ਨੂੰ ਤੇਜ਼ ਬੁਖਾਰ ਅਤੇ ਖਾਂਸੀ ਸੀ। ਸ਼ੱਕੀ ਸਥਿਤੀਆਂ ਵਿਚ ਹੋਈ ਮੌਤ ਕਾਰਨ ਡਾਕਟਰਾਂ ਨੇ ਉਸਦਾ ਕੋਰੋਨਾ ਟੈਸਟ ਕੀਤਾ ਸੀ ਜੋ ਕਿ ਪਾਜ਼ੀਟਿਵ ਆਇਆ ਸੀ। ਉੱਥੇ ਹੀ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਦੀ ਮੌਤ ਉੱਤੇ ਦੁੱਖ ਪ੍ਰਗਟ ਕਰਦੇ ਹੋਏ ਉਸ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਸਨਮਾਨ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਦਿੱਲੀ ਵਿਚ ਕੋਰੋਨਾ ਦੇ ਮਾਮਲੇ ਛੇ ਹਜ਼ਾਰ ਤੋਂ ਪਾਰ ਹੋ ਚੁੱਕੇ ਹਨ। ਦਿੱਲੀ ਵਿਚ ਪਿਛਲੇ 24 ਘੰਟਿਆਂ ਦੌਰਾਨ 338 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ ਦੋ ਮਰੀਜ਼ਾਂ ਨੇ ਦਮ ਤੋੜਿਆ ਹੈ ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ 6318 ਹੋ ਚੁੱਕੀ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ 68 ਹੋ ਗਿਆ ਹੈ।ਉੱਥੇ ਹੀ ਹੁਣ ਤੱਕ 2020 ਕੋਰੋਨਾ ਮਰੀਜ਼ਾਂ ਨੂੰ ਠੀਕ ਹੋਣ ਮਗਰੋਂ ਛੁੱਟੀ ਵੀ ਮਿਲ ਚੁੱਕੀ ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 4230 ਹੋ ਗਈ ਹੈ।

