ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਰਾਜਧਾਨੀ ਦਿੱਲੀ ਵਿਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਹਰ ਦਿਨ ਕੋਰੋਨਾ ਦੇ ਮਾਮਲਿਆਂ ਵਿਚ ਤੇਜ਼ੀ ਆ ਰਹੀ ਹੈ ਅਤੇ ਇਸੇ ਵਿਚਾਲੇ ਦਿੱਲੀ ਪੁਲਿਸ, ਡਾਕਟਰਾਂ ਅਤੇ ਅਰਧ ਸੈਨਿਕ ਬਲਾਂ ਵਿਚ ਕੋਰੋਨਾ ਦੀ ਪੁਸ਼ਟੀ ਹੋਣ ਮਗਰੋ ਹੁਣ ਲਕਸ਼ਮੀ ਨਗਰ ਦੇ ਕੈਂਟਸ ਐਮਬੂਲੈਂਸ ਸੇਵਾ102 ਦੇ 45 ਕਰਮਚਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।
ਜਾਣਕਾਰੀ ਅਨੁਸਾਰ 80 ਐਮਬੂਲੈਂਸ ਕਰਮਚਾਰੀਆਂ ਦਾ ਕੋਰੋਨਾ ਟੈਸਟ ਹੋਇਆ ਸੀ ਜਿਨ੍ਹਾਂ ਵਿਚੋਂ 45 ਕਰਮਚਾਰੀਆਂ ਦੀ ਜਾਂਚ ਰਿਪੋਰਟ ਪਾਜ਼ੀਟਿਵ ਆਈ ਹੈ। ਇਹ ਇਕ ਲਾਪਰਵਾਹੀ ਵਾਲਾ ਮਾਮਲਾ ਮੰਨਿਆ ਜਾ ਰਿਹਾ ਹੈ ਕਿਉਂਕਿ ਇਨ੍ਹਾਂ ਐਮਬੂਲੈਂਸਾ ਰਾਹੀਂ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਜਿਸ ਕਰਕੇ ਕੋਰੋਨਾ ਦੇ ਫੈਲਣ ਦਾ ਖਤਰਾ ਹੋਰ ਵੀ ਵੱਧ ਗਿਆ ਹੈ। ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਕੁੱਲ ਕੇਸਾਂ ਦੀ ਸੰਖਿਆ 6 ਹਜ਼ਾਰ ਤੱਕ ਪਹੁੰਚਣ ਵਾਲੀ ਹੈ। ਦਿੱਲੀ ਵਿਚ ਕੋਰੋਨਾ ਦੇ ਕੇਸ ਬੜੀ ਤੇਜ਼ੀ ਨਾਲ ਵੱਧ ਰਹੇ ਹਨ। ਪਿਛਲੇ 6 ਦਿਨਾਂ ਵਿਚ ਹੀ ਰਾਜਧਾਨੀ ਵਿਚ 2 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਉੱਥੇ ਹੀ ਪਿਛਲੇ 24 ਘੰਟਿਆਂ ਦੌਰਾਨ 448 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ। ਜੇਕਰ ਪਿਛਲੇ ਸੱਤ ਦਿਨਾਂ ਦੇ ਅੰਕੜਿਆਂ ਉੱਤੇ ਨਜ਼ਰ ਮਾਰੀ ਜਾਵੇ ਤਾਂ 1 ਮਈ ਨੂੰ ਦਿੱਲੀ ਵਿਚ 223, 2 ਮਈ ਨੂੰ 384, 3 ਮਈ ਨੂੰ 427, 4 ਮਈ ਨੂੰ 349, 5 ਮਈ ਨੂੰ 206, 6 ਮਈ ਨੂੰ 428 ਅਤੇ 7 ਮਈ ਨੂੰ 448 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ। ਪਿਛਲੇ 7 ਦਿਨਾਂ ਵਿਚ ਭਾਵ 1 ਤੋਂ 7 ਮਈ ਵਿਚਾਲੇ 9.2 ਦਿਨਾਂ ਵਿਚ ਕੋਰੋਨਾ ਦੇ ਮਾਮਲੇ ਦੁੱਗਣੇ ਹੋਏ ਹਨ। ਕੋਰੋਨਾ ਸੰਕਟ ਵਿਚਾਲੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਕਿਹਾ ਹੈ ਕਿ ਦਿੱਲੀ ਵਾਸੀਆਂ ਨੂੰ ਹੁਣ ਕੋਰੋਨਾ ਕਹਿਰ ਵਿਚ ਜਿਊਣ ਦੀ ਆਦਤ ਪਾਉਣੀ ਹੋਵੇਗੀ ਅਤੇ ਕੋਰੋਨਾ ਨਾਲ ਲੜਨਾ ਹੋਵੇਗਾ।

